
ਦਿੱਲੀ (ਦ ਸਟੈਲਰ ਨਿਊਜ਼)। ਅਕਸਰ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਵਿਚ ਗਏ ਪੰਜਾਬੀ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਅਜਿਹੀ ਹੀ ਮੰਦਭਾਗੀ ਖ਼ਬਰ ਇੰਗਲੈਂਡ ਤੋਂ ਸਾਹਮਣੇ ਆਈ ਹੈ, ਜਿਥੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਗੁਰਭੇਜ ਸਿੰਘ (26) ਵਜੋਂ ਹੋਈ ਹੈ, ਜੋ ਕਿ ਖੇਮਕਰਨ ਦੇ ਪਿੰਡ ਮਹਿੰਦੀਪੁਰ ਦਾ ਰਹਿਣ ਵਾਲਾ ਸੀ।

ਮ੍ਰਿਤਕ ਕਰੀਬ ਚਾਰ ਸਾਲ ਪਹਿਲਾਂ ਇੰਗਲੈਂਡ ਗਿਆ ਸੀ, ਜਿਥੇ ਉਹ ਆਪਣੇ ਪਿੰਡ ਤੇ ਹੋਰ ਪੰਜਾਬੀ ਨੌਜਵਾਨਾਂ ਨਾਲ ਕੰਮ ਕਰਦਾ ਸੀ। ਬੀਤੇ ਬੁੱਧਵਾਰ ਇੰਗਲੈਂਡ ਦੇ ਸ਼ਹਿਰ ਸਾਊਥਹਾਲ ਵਿਚ ਕਿਸੇ ਵਿਆਕਤੀ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ।
ਘਟਨਾ ਦਾ ਪੂਰਾ ਵੇਰਵਾ ਨਹੀਂ ਮਿਲਿਆ ਪਰ ਸਾਊਥਹਾਲ ਦੀ ਪੁਲਿਸ ਜਾਂਚ ਕਰ ਰਹੀ ਹੈ। ਲਾਸ਼ ਨੂੰ ਸਥਾਨਕ ਹਸਪਤਾਲ ਵਿੱਚ ਰੱਖਿਆ ਹੋਇਆ ਹੈ। ਇਸ ਘਟਨਾ ਦਾ ਪਤਾ ਲੱਗਣ ’ਤੇ ਪਿੰਡ ਮਹਿੰਦੀਪੁਰ ਵਿੱਚ ਗ਼ਮਗੀਨ ਮਾਹੌਲ ਹੈ। ਪਿੰਡ ਵਾਸੀਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਪਿੰਡ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਰਿਵਾਰ ਆਪਣੇ ਇਕਲੌਤੇ ਪੁੱਤਰ ਦੀਆਂ ਅੰਤਿਮ ਰਸਮਾਂ ਕਰ ਸਕਣ।












