
ਚੱਕੋਵਾਲ (ਦ ਸਟੈਲਰ ਨਿਊਜ਼)। ਸਿਹਤ ਵਿਭਾਗ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿਚ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਮਮਤਾ ਦਿਵਸ ਦੌਰਾਨ ਟੀਕਾਕਰਨ ਕੀਤਾ ਜਾਂਦਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸ.ਐਮ.ਓ. ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਮੁਫ਼ਤ ਵਿਚ ਟੀਕਾਕਰਨ ਕੀਤਾ ਜਾਂਦਾ ਹੈ। ਟੀਕਾਕਰਨ ਨਾਲ ਬੱਚਿਆਂ ਦਾ ਕਈ ਮਾਰੂ ਬਿਮਾਰੀਆਂ ਜਿਵੇਂ ਖਸਰਾ, ਰੁਬੇਲਾ, ਨਿਮੋਨੀਆ, ਟੈਟਨਸ, ਟੀ.ਬੀ., ਪੋਲੀਓ ਆਦਿ ਤੋਂ ਬਚਾਅ ਹੁੰਦਾ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਰੁਟੀਨ ਦੀਆਂ ਬਿਮਾਰੀਆਂ ਦੇ ਨਾਲ-ਨਾਲ ਬੱਚੇਦਾਨੀ ਦੇ ਕੈਂਸਰ ਤੋਂ ਬਚਾਅ ਲਈ ਐਚ.ਪੀ.ਵੀ. ਦੀ ਵੈਕਸੀਨ ਵੀ ਜ਼ਰੂਰ ਲਗਾਉਣੀ ਚਾਹੀਦੀ ਹੈ।
ਇਸ ਮੌਕੇ ਬਾਗਪੁਰ ਦੀ ਮ.ਪ.ਹ.ਵ. ਫੀਮੇਲ ਹਰਪ੍ਰੀਤ ਕੌਰ ਨੇ ਬਾਗਪੁਰ ਵਿਚ ਬੱਚਿਆਂ ਅਤੇ ਗਰਭਵਤੀਆਂ ਦਾ ਮਮਤਾ ਦਿਵਸ ਦੌਰਾਨ ਰੁਟੀਨ ਟੀਕਾਕਰਨ ਕੀਤਾ।

ਉਹਨਾਂ ਕਿਹਾ ਕਿ 2018 ਵਿਚ ਐਮ.ਆਰ. ਵੈਕਸੀਨ ਭਾਰਤ ਵਿਚ ਲਗਾਉਣੀ ਸ਼ੁਰੂ ਕੀਤੀ ਗਈ ਸੀ, ਜਿਸ ਦੌਰਾਨ ਵੀ ਸੋਸ਼ਲ ਮੀਡੀਆ ਤੇ ਗ਼ਲਤ ਜਾਣਕਾਰੀਆਂ ਲੋਕਾਂ ਵੱਲੋਂ ਫੈਲਾਈਆਂ ਗਈਆਂ ਸੀ। ਪਰ ਸਮੇਂ ਦੇ ਨਾਲ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਹ ਸਿਰਫ ਅਫਵਾਹਾਂ ਹਨ ਅਤੇ ਉਹਨਾਂ ਨੇ ਆਪਣੇ ਬੱਚਿਆਂ ਦੇ ਐਮ.ਆਰ. ਦਾ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ। ਅਜੇ ਵੀ ਲੋਕਾਂ ਨੂੰ ਕਈ ਤਰ੍ਹਾਂ ਦੇ ਭਰਮ ਹਨ ਜਿਹਨਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਆਸ਼ਾ ਵਰਕਰਾਂ ਮਨਜੀਤ ਕੌਰ, ਰਾਜ ਕੁਮਾਰੀ, ਗਗਨਦੀਪ ਕੌਰ ਅਤੇ ਪ੍ਰਵੀਨ ਕੁਮਾਰੀ ਦੇ ਉੱਦਮ ਸਦਕਾ 100 ਫੀਸਦੀ ਟੀਕਾਕਰਨ ਹੋ ਰਿਹਾ ਹੈ। ਇਸ ਮੌਕੇ ਸੀ.ਐਚ.ਓ. ਡਾ. ਨੇਹਾ ਨੇ ਲੋਕਾਂ ਨੂੰ ਐਚ.ਪੀ.ਵੀ. ਵੈਕਸੀਨ ਲਗਵਾਉਣ ਲਈ ਜਾਗਰੂਕ ਕੀਤਾ। ਉਹਨਾਂ ਕਿਹਾ ਕਿ 14 ਤੋਂ 15 ਸਾਲ ਤੱਕ ਦੀਆਂ ਲੜਕੀਆਂ ਨੂੰ ਇਹ ਵੈਕਸੀਨ ਲਗਾਈ ਜਾ ਸਕਦੀ ਹੈ।












