
ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਤੋ ਇੱਕ ਰੂਹ ਕੰਬਾਊ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਬਠਿੰਡਾ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਜੰਗੀਰਾਣਾ ਤੋਂ ਇਕ ਦੁਖਭਰੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਕਲਯੁਗੀ ਪੋਤੇ ਨੇ ਆਪਣੀ 85 ਸਾਲਾ ਬਜ਼ੁਰਗ ਦਾਦੀ ਦਾ ਬੇਰਹਿਮੀ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਜਿਸ ਦਾਦੀ ਨੇ ਕਦੇ ਪੋਤੇ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇਗਾ ਅਤੇ ਆਪਣੀਆਂ ਲੋਰੀਆਂ ਦੀ ਛਾਵੇਂ ਪਾਲਿਆ ਹੋਵੇਗਾ, ਉਸੇ ਪੋਤੇ ਦੀਆਂ ਬੇਰਹਿਮ ਨੀਹਾਂ ਨੇ ਬਜ਼ੁਰਗ ਮਾਂ ਦੀ ਬਾਕੀ ਬਚੀ ਜ਼ਿੰਦਗੀ ਦੇ ਸਾਹ ਖੋਹ ਲਏ। ਇਸ ਖ਼ੌਫ਼ਨਾਕ ਵਾਰਦਾਤ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਹੈ ਅਤੇ ਹਰ ਅੱਖ ਨਮ ਹੈ।

ਜਾਣਕਾਰੀ ਅਨੁਸਾਰ ਪਿੰਡ ਦੇ ਹੀ ਇੱਕ ਨਿਵਾਸੀ ਸੁਖਰਾਜ ਸਿੰਘ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਚਚੇਰਾ ਭਰਾ ਮਹਿਕਦੀਪ ਸਿੰਘ ਆਪਣੀ ਦਾਦੀ ਬਸੰਤ ਕੌਰ (85) ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਸੀ। ਬਜ਼ੁਰਗ ਮਾਂ ਦੀਆਂ ਚੀਕਾਂ ਸੁਣ ਕੇ ਜਦੋਂ ਸੁਖਰਾਜ ਭੱਜਾ-ਭੱਜਾ ਘਰ ਪਹੁੰਚਿਆ, ਤਾਂ ਉੱਥੋਂ ਦਾ ਮੰਜ਼ਰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। 85 ਸਾਲਾ ਬਸੰਤ ਕੌਰ ਲਹੂ-ਲੁਹਾਨ ਹਾਲਤ ਵਿੱਚ ਤੜਫ ਰਹੀ ਸੀ ਅਤੇ ਆਰੋਪੀ ਪੋਤਾ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ। ਸੁਖਰਾਜ ਨੇ ਤੁਰੰਤ ਡਾਕਟਰ ਨੂੰ ਫੋਨ ਕੀਤਾ, ਪਰ ਅਫ਼ਸੋਸ! ਜਦੋਂ ਤੱਕ ਡਾਕਟਰੀ ਸਹਾਇਤਾ ਘਰ ਪਹੁੰਚੀ, ਉਦੋਂ ਤੱਕ ਬਜ਼ੁਰਗ ਮਾਂ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੀ ਸੀ।
ਥਾਣਾ ਨੰਦਗੜ੍ਹ ਦੇ ਸਹਾਇਕ ਸਬ-ਇੰਸਪੈਕਟਰ (ASI) ਸੁਰਜੀਤ ਸਿੰਘ ਨੇ ਦੱਸਿਆ ਕਿ ਸੁਖਰਾਜ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਮਹਿਕਦੀਪ ਸਿੰਘ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 103(1) ਤਹਿਤ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਉਸ ਦੇ ਸੰਭਾਵਿਤ ਟਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਮੁਤਾਬਕ ਜਲਦ ਹੀ ਮੁਲਜ਼ਮ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ।












