
ਬਟਾਲਾ (ਦ ਸਟੈਲਰ ਨਿਊਜ਼)। ਬਟਾਲਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਟਾਲਾ ਵਿੱਚ ਕਾਰੋਬਾਰੀਆਂ ਦੇ ਘਰਾਂ ‘ਤੇ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਬੀਤੀ ਰਾਤ ਕਰੀਬ 2 ਵਜੇ ਇੱਕ ਵਾਰ ਫਿਰ ਕਾਰੋਬਾਰੀ ਵਰਿੰਦਰ ਸਿੰਘ ਦੇ ਗੁਆਂਢੀ ਦੇ ਘਰ ਦੇ ਬਾਹਰ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਨੌਜਵਾਨ ਆਏ ਅਤੇ ਗੇਟ ‘ਤੇ 6 ਗੋਲੀਆਂ ਚਲਾ ਕੇ ਫਰਾਰ ਹੋ ਗਏ।

ਵਰਿੰਦਰ ਸਿੰਘ ਨੇ ਦੱਸਿਆ ਕਿ ਗੈਂਗਸਟਰ ਅਮਨ ਅੰਡਾ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਧਮਕੀਆਂ ਦੇ ਰਿਹਾ ਸੀ ਅਤੇ ਫੋਨ ‘ਤੇ 10 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ। ਗੋਲੀਆਂ ਚਲਣ ਤੋਂ ਬਾਅਦ ਵੀ ਅਮਨ ਅੰਡਾ ਵੱਲੋਂ ਮੈਸੇਜ ਆਇਆ ਕਿ “ਗਿਫਟ ਮਿਲ ਗਿਆ ਹੈ।” ਇਸ ਤੋਂ ਪਹਿਲਾਂ ਵੀ ਵਰਿੰਦਰ ਸਿੰਘ ‘ਤੇ ਗੋਲੀਆਂ ਚਲਾਈਆਂ ਜਾ ਚੁੱਕੀਆਂ ਹਨ। ਦੋ ਦਿਨ ਪਹਿਲਾਂ ਹੀ ਉਸ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਸੀ।












