
ਖੰਨਾ (ਦ ਸਟੈਲਰ ਨਿਊਜ਼)। ਖੰਨਾ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਜੀ.ਟੀ. ਰੋਡ ਸਥਿਤ ਗ੍ਰੀਨਲੈਂਡ ਹੋਟਲ ਦੇ ਇਕ ਕਮਰੇ ਵਿਚ ਪਤੀ-ਪਤਨੀ ਮ੍ਰਿਤਕ ਹਾਲਤ ਵਿਚ ਮਿਲੇ ਹਨ। ਮੁੱਢਲੀ ਜਾਂਚ ਤੋਂ ਪਤਾ ਲਗੱਦਾ ਹੈ ਕਿ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਪਤੀ ਨੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ।

ਮੌਕੇ ਤੋਂ 9 ਐੱਮ.ਐੱਮ. ਦਾ ਹਥਿਆਰ ਅਤੇ ਦੋ ਮੈਗਜ਼ੀਨ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਬੁਧਵਾਰ ਤੜਕੇ ਕਰੀਬ 2.30 ਤੋਂ 3 ਵਜੇ ਦੇ ਦਰਮਿਆਨ ਹੋਟਲ ਪਹੁੰਚੇ ਸਨ। ਉਨ੍ਹਾਂ ਨਾਲ ਖੰਨਾ ਦਾ ਇਕ ਨੌਜਵਾਨ ਵੀ ਸੀ, ਜਿਸ ਨੇ ਹੋਟਲ ਪ੍ਰਬੰਧਨ ਕੋਲ ਉਨ੍ਹਾਂ ਦੀ ਸਿਫ਼ਾਰਸ਼ ਕਰ ਕੇ ਕਮਰਾ ਦਿਵਾਇਆ ਸੀ। ਮੁੱਢਲੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਹੋਟਲ ਪ੍ਰਬੰਧਨ ਨੇ ਨਿਯਮਾਂ ਦੀ ਅਣਦੇਖੀ ਕਰਦਿਆਂ ਨਾ ਤਾਂ ਦੋਵਾਂ ਦੇ ਨਾਮ ਹੋਟਲ ਰਜਿਸਟਰ ਵਿਚ ਦਰਜ ਕੀਤੇ ਅਤੇ ਨਾ ਹੀ ਉਨ੍ਹਾਂ ਤੋਂ ਕੋਈ ਪਹਿਚਾਣ ਪੱਤਰ ਜਾਂ ਆਧਾਰ ਕਾਰਡ ਲਿਆ।
ਪੁਲਿਸ ਇਸ ਲਾਪਰਵਾਹੀ ਦੀ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਬੁਧਵਾਰ ਦੁਪਹਿਰ ਕਰੀਬ 12 ਵਜੇ ਤਕ ਜਦੋਂ ਕਮਰੇ ਵਿੱਚੋਂ ਕੋਈ ਬਾਹਰ ਨਾ ਆਇਆ ਤਾਂ ਕਰਮਚਾਰੀਆਂ ਨੂੰ ਸ਼ੱਕ ਹੋਇਆ। ਕਈ ਵਾਰ ਆਵਾਜ਼ ਦੇਣ ਦੇ ਬਾਵਜੂਦ ਕੋਈ ਜਵਾਬ ਨਾ ਮਿਲਣ ’ਤੇ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ। ਕਮਰੇ ਵਿਚ ਦੋਂਵੇ ਖੂਨ ਨਾਲ ਲੱਥਪੱਥ ਪਏ ਸਨ।
ਮ੍ਰਿਤਕਾ ਦੀ ਪਹਿਚਾਣ ਹਰਪ੍ਰੀਤ ਕੌਰ (33) ਵਾਸੀ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਸ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਉਸ ਦਾ ਪਤੀ ਗੁਰੂਗ੍ਰਾਮ ਦੀ ਇਕ ਨਿਜੀ ਕੰਪਨੀ ਵਿਚ ਨੌਕਰੀ ਕਰਦਾ ਹੈ। ਨੌਜਵਾਨ ਦੀ ਪਹਿਚਾਣ ਮਨਜੀਤ ਸਿੰਘ (26) ਵਾਸੀ ਮੱਖੂ (ਫ਼ਿਰੋਜ਼ਪੁਰ) ਵਜੋਂ ਹੋਈ ਹੈ।
ਦੋਵੇਂ ਆਪਸ ਵਿਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਪੁਲਿਸ ਸੂਤਰਾਂ ਅਨੁਸਾਰ ਹਰਪ੍ਰੀਤ ਕੌਰ ਨੂੰ ਦੋ ਗੋਲੀਆਂ ਮਾਰੀਆਂ ਗਈਆਂ, ਜਦਕਿ ਨੌਜਵਾਨ ਨੇ ਬਾਅਦ ਵਿਚ ਖ਼ੁਦ ਨੂੰ ਇਕ ਗੋਲੀ ਮਾਰ ਲਈ। ਹਾਲਾਂਕਿ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਮੌਤ ਦਾ ਅਸਲ ਕਾਰਨ ਅਤੇ ਘਟਨਾਕ੍ਰਮ ਦਾ ਪ੍ਰਗਟਾਵਾ ਪੋਸਟਮਾਰਟਮ ਰਿਪੋਰਟ, ਫੋਰੈਂਸਿਕ ਰਿਪੋਰਟ ਅਤੇ ਵਿਗਿਆਨਕ ਜਾਂਚ ਤੋਂ ਬਾਅਦ ਹੀ ਹੋਵੇਗਾ।
ਡੀ.ਐਸ.ਪੀ. ਵਿਨੋਦ ਕੁਮਾਰ ਨੇ ਦਸਿਆ ਕਿ ਹੋਟਲ ਸੰਚਾਲਕਾਂ ਵਿਰੁਧ ਵੀ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ਭੇਜ ਦਿਤੀਆਂ ਗਈਆਂ ਹਨ।











