
ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਦੇ ਪਿੰਡ ਸੰਘਾ ਤੋਂ ਇੱਕ ਦਿਲਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਸਾਲੇ ਨੇ ਆਪਣੇ ਜੀਜੇ ‘ਤੇ ਤੇਲ ਪਾ ਕੇ ਉਸਨੂੰ ਅੱਗ ਲਗਾ ਦਿੱਤੀ। ਇਸ ਖੂਨੀ ਖੇਡ ਵਿਚ ਨਾ ਸਿਰਫ਼ ਜੀਜੇ ਦੀ ਮੌਤ ਹੋਈ, ਬਲਕਿ ਬਚਾਅ ਕਰਨ ਆਈ ਇਕ ਹੋਰ ਮਹਿਲਾ ਨੇ ਵੀ ਦਮ ਤੋੜ ਦਿੱਤਾ।” ਮ੍ਰਿਤਕ ਨੌਜਵਾਨ, ਜਿਸਦੀ ਪਹਿਚਾਣ ਲਵਪ੍ਰੀਤ ਸਿੰਘ (ਵਾਸੀ ਪਿੰਡ ਲੋਪੋਕੇ, ਅੰਮ੍ਰਿਤਸਰ) ਵਜੋਂ ਹੋਈ ਹੈ, ਉਹ ਆਪਣੀ ਰੁੱਸ ਕੇ ਸਹੁਰੇ ਬੈਠੀ ਪਤਨੀ ਸੰਦੀਪ ਕੌਰ ਨੂੰ ਮਨਾਉਣ ਲਈ ਆਇਆ ਸੀ। ਪਰ ਉਸਨੂੰ ਕੀ ਪਤਾ ਸੀ ਕਿ ਸਹੁਰੇ ਘਰ ਉਸ ਦੀ ਮੌਤ ਉਸਦਾ ਇੰਤਜ਼ਾਰ ਕਰ ਰਹੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਘਰ ਵਿਚ ਹੋਈ ਬਹਿਸਬਾਜ਼ੀ ਤੋਂ ਬਾਅਦ, ਲਵਪ੍ਰੀਤ ਦੇ ਸਾਲੇ ਸਾਜਨ ਸਿੰਘ ਨੇ ਗੁੱਸੇ ਵਿਚ ਆ ਕੇ ਲਵਪ੍ਰੀਤ ‘ਤੇ ਤੇਲ ਛਿੜਕ ਦਿੱਤਾ ਅਤੇ ਅੱਗ ਲਗਾ ਦਿੱਤੀ।

ਅੱਗ ਇੰਨੀ ਭਿਆਨਕ ਸੀ ਕਿ ਲਵਪ੍ਰੀਤ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸਦੀ ਮੌਤ ਹੋ ਗਈ।” ਦਸਿਆ ਜਾ ਰਿਹਾ ਹੈ ਕਿ ਜਦੋਂ ਸਾਜਨ ਸਿੰਘ ਆਪਣੇ ਜੀਜੇ ਨੂੰ ਅੱਗ ਲਗਾ ਰਿਹਾ ਸੀ, ਤਾਂ ਉਸਨੂੰ ਬਚਾਉਣ ਲਈ ਉਸਦੀ ਆਪਣੀ ਭਰਜਾਈ ਗੁਰਜੀਤ ਕੌਰ ਅੱਗੇ ਆਈ। ਪਰ ਅੱਗ ਦੀਆਂ ਲਪਟਾਂ ਨੇ ਗੁਰਜੀਤ ਕੌਰ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ। ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਈ ਗਈ ਗੁਰਜੀਤ ਕੌਰ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਹਾਦਸੇ ਵਿਚ ਅੱਗ ਲਗਾਉਣ ਵਾਲਾ ਆਰੋਪੀ ਸਾਜਨ ਸਿੰਘ ਵੀ ਖੁਦ ਝੁਲਸ ਗਿਆ ਹੈ, ਜੋ ਇਸ ਵੇਲੇ ਹਸਪਤਾਲ ਵਿਚ ਜੇਰੇ ਇਲਾਜ ਹੈ।












