
ਜਗਰਾਓਂ (ਦ ਸਟੈਲਰ ਨਿਊਜ਼)। ਜਗਰਾਓਂ ਦੇ ਪਿੰਡ ਪੋਨਾ ਤੋਂ ਇਕ ਦੁਖਭਰੀ ਖਬਰ ਸਾਹਮਣੇ ਆਈ ਹੈ। ਪੋਨਾ ਪਿੰਡ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੇ ਨੌਜ਼ਵਾਨ ਕਮਲ ਕਪੂਰ ਸਿੰਘ ਦੀ ਮਲੇਸ਼ੀਆ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ, ਜਿਸ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਮ੍ਰਿਤਕ ਨੌਜ਼ਵਾਨ ਦੀ ਮ੍ਰਿਤਕ ਦੇਹ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਲਿਆ ਕੇ ਉਸਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਹੈ।

ਇਸ ਮੌਕੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਮ੍ਰਿਤਕ ਨੌਜ਼ਵਾਨ ਅੱਠ ਸਾਲ ਪਹਿਲਾਂ ਆਪਣੇ ਪਰਿਵਾਰ ਦੀ ਗਰੀਬੀ ਖਤਮ ਕਰਨ ਲਈ ਮਲੇਸ਼ੀਆ ਗਿਆ ਸੀ, ਕਿਉਂਕਿ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਥੋੜੇ ਦਿਨ ਪਹਿਲਾਂ ਉਥੇ ਉਸਨੂੰ ਹਾਰਟ ਅਟੈਕ ਆਇਆ ਤੇ ਉਸਦੀ ਵੀ ਮੌਤ ਹੋ ਗਈ। ਇਸ ਗਰੀਬ ਪਰਿਵਾਰ ਵਿਚ ਉਸਦੀ ਮਾਤਾ ਤੇ ਛੋਟੇ ਭਰਾ ਕੋਲ ਉਸਦੀ ਮ੍ਰਿਤਕ ਦੇਹ ਪਿੰਡ ਲਿਆਉਣ ਲਈ ਪੈਸੇ ਵੀ ਸਨ ਤੇ ਪਿੰਡ ਦੀ ਪੰਚਾਇਤ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮ੍ਰਿਤਕ ਦੇਹ ਪਿੰਡ ਲਿਆ ਕੇ ਉਸਦਾ ਅੰਤਿਮ ਸੰਸਕਾਰ ਕੀਤਾ। ਇਸ ਮੌਕੇ ਉਨਾਂ ਨੇ ਪੰਜਾਬ ਸਰਕਾਰ ਕੋਲ ਇਸ ਗਰੀਬ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕੀਤੇ ਜਾਣ ਦੀ ਗੁਹਾਰ ਵੀ ਲਗਾਈ ਹੈ।












