
ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਵਿੱਚ ਲਵ ਮੈਰਿਜ ਕਰਕੇ ਘਰ ਵਸਾਉਣ ਵਾਲੇ ਜੋੜੇ ਦੀ ਜ਼ਿੰਦਗੀ ਉਦੋਂ ਉੱਜੜ ਗਈ, ਜਦੋਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਹੋਰ ਮੁੰਡੇ ਦੀ ਐਂਟਰੀ ਹੋ ਗਈ। ਇਸ ਅਨੋਖੀ ਤੇ ਰੂਹ ਕੰਬਾਊ ਘਟਨਾ ਨੇ ਪਤੀ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਉਸ ਨੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ। ਘਟਨਾ ਚੰਡੀਗੜ੍ਹ ਦੇ ਮੌਲੀਜਾਗਰਾਂ ਦੀ ਹੈ। ਨੌਜਵਾਨ ਮੋਨੂੰ ਤੇ ਕੋਮਲ ਨੇ ਦੋਵੇਂ ਸਕੂਲ ਵਿੱਚ ਇੱਕਠੇ ਪੜ੍ਹਦੇ ਸਨ ਅਤੇ ਦੋਵਾਂ ਨੇ ਇੱਕ-ਦੂਜੇ ਨਾਲ ਪਿਆਰ ਕਰਕੇ ਲਵ ਮੈਰਿਜ ਵੀ ਕਰ ਲਈ ਸੀ, ਪਰ ਇਹ ਖੁਸ਼ੀਆਂ ਜ਼ਿਆਦਾ ਦੇਰ ਨਹੀਂ ਟਿਕੀਆਂ। ਜਾਣਕਾਰੀ ਅਨੁਸਾਰ, 33 ਸਾਲਾਂ ਮੋਨੂੰ ਨੇ ਕੋਮਲ ਦੇ ਪਰਿਵਾਰ ਨਾਲ ਲੜ ਕੇ ਉਸ ਨਾਲ ਲਵ ਮੈਰਿਜ ਕਰਵਾਈ ਸੀ। ਉਸ ਨੇ ਵਿਆਹ ਲਈ ਕੋਮਲ ਨਾਲ ਆਪਣੀ ਜ਼ਿੰਦਗੀ ਨੂੰ ਵੀ ਦਾਅ ‘ਤੇ ਲਾ ਦਿੱਤਾ ਸੀ, ਜਿਸ ਪਿੱਛੋਂ ਪਰਿਵਾਰ ਵਿਆਹ ਲਈ ਸਹਿਮਤ ਹੋਇਆ ਸੀ। 8 ਸਾਲ ਤੱਕ ਇਹ ਰਿਸ਼ਤਾ ਬਹੁਤ ਵਧੀਆ ਚੱਲ ਰਿਹਾ ਸੀ। ਦੋਵੇਂ ਮੌਲੀਜਾਗਰਾਂ ਦੇ ਮੌਲੀ ਕੰਪਲੈਕਸ ਵਿੱਚ ਰਹਿ ਰਹੇ ਸਨ ਅਤੇ ਇਸ ਦੌਰਾਨ ਇੱਕ 6 ਸਾਲ ਦੀ ਬੱਚੀ ਵੀ ਘਰ ਵਿੱਚ ਪੈਦਾ ਹੋਈ, ਪਰ ਇਸ ਪਿੱਛੋਂ ਕੋਮਲ, ਘਰ ਵਿੱਚ ਬੱਚਿਆਂ ਦੀ ਸਕੂਲੀ ਵਿਦਿਆਰੀਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ ਅਤੇ ਮੋਨੂੰ ਈ-ਰਿਕਸ਼ਾ ਚਲਾ ਕੇ ਗੁਜਾਰਾ ਕਰਦਾ ਸੀ। ਟਿਊਸ਼ਨ ਦੌਰਾਨ ਕੋਮਲ ਕੋਲ ਕਈ ਵਿਦਿਆਰਥੀ ਪੜ੍ਹਨ ਆਉਂਦੇ ਸਨ, ਜਿਨ੍ਹਾਂ ਵਿਚੋਂ ਇੱਕ ਸੰਨੀ ਨਾਮ ਦੇ ਮੁੰਡੇ ਨਾਲ ਉਸ ਦੇ ਨੇੜਤਾ ਵਧੀ ਅਤੇ ਫਿਰ ਇਹ ਨਾਜਾਇਜ਼ ਸਬੰਧਾਂ ਵਿੱਚ ਬਦਲ ਗਈ। ਜਦੋਂ ਮੋਨੂੰ ਨੂੰ ਇਸ ਸਬੰਧੀ ਪਤਾ ਲੱਗਿਆ ਤਾਂ ਉਹ ਬਹੁਤ ਪਰੇਸ਼ਾਨ ਸੀ ਅਤੇ ਦੋਵਾਂ ਦੇ ਰਿਸ਼ਤੇ ਵਿੱਚ ਦਰਾੜ ਆ ਗਈ।

ਉਸ ਨੇ ਕੋਮਲ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਵਿਦਿਆਰਥੀ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਅਤੇ ਪੇਕੇ ਚਲੀ ਗਈ। ਮੋਨੂ ਦੀ ਛੋਟੀ ਭਾਬੀ ਰੂਬੀ ਦੇ ਮੁਤਾਬਕ, ਖੁਦਕੁਸ਼ੀ ਤੋਂ ਕਰੀਬ 15 ਦਿਨ ਪਹਿਲਾਂ ਸੰਨੀ 15 ਤੋਂ 20 ਨੌਜਵਾਨਾਂ ਨਾਲ ਉਨ੍ਹਾਂ ਦੇ ਘਰ ਆਇਆ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੇ ਘਰ ਦੇ ਬਾਹਰ ਹੰਗਾਮਾ ਕੀਤਾ ਅਤੇ ਧਮਕੀ ਭਰੇ ਲਹਿਜ਼ੇ ਵਿੱਚ ਕਿਹਾ, “ਕੋਮਲ ਮੇਰੀ ਹੈ, ਮੈਂ ਉਸ ਨੂੰ ਆਪਣੇ ਨਾਲ ਲੈ ਜਾਵਾਂਗਾ।” ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ, ਪਰ ਉਸ ਵੇਲੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਹੀ ਕੋਮਲ ਆਪਣੇ ਪੇਕੇ ਘਰ ਚਲੀ ਗਈ, ਜਿਸ ਕਾਰਨ ਪਤੀ-ਪਤਨੀ ਵਿਚਕਾਰ ਦੂਰੀ ਹੋਰ ਵੱਧ ਗਈ। ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ, ਮੌਕੇ ਤੋਂ ਮਿਲੀ ਡਾਇਰੀ, ਵੀਡੀਓ ਅਤੇ ਹੋਰ ਉਪਲਬਧ ਸਬੂਤਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਕੇਸ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਜਾਂਚ ਦੌਰਾਨ ਆਰੋਪੀਆਂ ਦਾ ਪੱਖ ਵੀ ਦਰਜ ਕੀਤਾ ਜਾਵੇਗਾ। ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਅਤੇ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।












