
ਪਟਿਆਲਾ (ਦ ਸਟੈਲਰ ਨਿਊਜ਼)। ਅਮਰੀਕਾ ਵਿਚ ਰੋਜ਼ੀ-ਰੋਟੀ ਕਮਾਉਣ ਗਏ ਖੁਸ਼ਕਰਨਦੀਪ ਸਿੰਘ ਦਾ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਖੁਸ਼ਕਰਨਦੀਪ ਪਿੰਡ ਅਤਾਲਾਂ ਦਾ ਰਹਿਣ ਵਾਲਾ ਸੀ। ਮੰਦਭਾਗੀ ਖ਼ਬਰ ਆਉਣ ’ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਇਸ ਘਟਨਾਕ੍ਰਮ ਮਗਰੋਂ ਮ੍ਰਿਤਕ ਦੀ ਲਾਸ਼ ਵੀ ਕਈ ਦਿਨਾਂ ਬਾਅਦ ਹੀ ਲੱਭੀ। ਅਜੇ ਤੱਕ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਕੁਝ ਸੁਰਾਗ ਸਾਹਮਣੇ ਆ ਸਕਦੇ ਹਨ। ਦੱਸਣਯੋਗ ਹੈ ਕਿ ਨੌਜਵਾਨ ਖੁਸ਼ਕਰਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ (ਉਮਰ 24 ਸਾਲ) ਕਰੀਬ ਪੰਜ ਸਾਲ ਪਹਿਲਾਂ ਚੰਗੀ ਜ਼ਿੰਦਗੀ ਦੇ ਸੁਫਨੇ ਲੈ ਕੇ ਅਮਰੀਕਾ ਪਹੁੰਚਿਆ ਸੀ। ਖੁਸ਼ਕਰਨਦੀਪ ਅਮਰੀਕਾ ਦੇ ਕੈਲੀਫੋਰਨੀਆਂ ਵਿਚ ਟਰਾਲਾ ਚਲਾਉਂਦਾ ਸੀ। ਉਹ ਜਦੋਂ ਅਪਣੀ ਕਾਰ ’ਚ ਜਾ ਰਿਹਾ ਸੀ ਤਾਂ ਰਸਤੇ ਵਿਚ ਅਣਪਛਾਤਿਆਂ ਨੇ ਉਸ ’ਤੇ ਗੋਲੀਆਂ ਚਲਾ ਦਿਤੀਆਂ।
ਕੁਝ ਦਿਨ ਪਹਿਲਾਂ 30 ਜੁਲਾਈ ਤੋਂ ਜਦੋਂ ਉਸ ਦਾ ਫੋਨ ਸਵਿਚ ਆਫ ਆਉਣ ਲੱਗਿਆ ਤਾਂ ਪਰਿਵਾਰ ਦੀ ਫਿਕਰਮੰਦੀ ਵਧੀ। ਪਰਿਵਾਰ ਦੇ ਉਥੇ ਰਹਿੰਦੇ ਰਿਸ਼ਤੇਦਾਰਾਂ ਵਲੋਂ ਅਮਰੀਕੀ ਥਾਣੇ ਵਿੱਚ ਇਤਲਾਹ ਦੇਣ ਮਗਰੋਂ ਪੁਲਿਸ ਵਲੋਂ ਕੀਤੀ ਜਾਂਚ ਮਗਰੋਂ ਲੰਘੇ ਕੱਲ੍ਹ ਜੰਗਲ ਵਿੱਚੋਂ ਉਸ ਦੀ ਲਾਸ਼ ਬਰਾਮਦ ਹੋਈ ਦੱਸੀ ਜਾ ਰਹੀ ਹੈ। ਪੁਲਿਸ ਘਟਲਾ ਦੀ ਜਾਂਚ ਕਰ ਰਹੀ ਹੈ।












