Saturday, October 10, 2026
Home Crime ਨਵਾਂਸ਼ਹਿਰ ‘ਚ ਪੁਲਿਸ ਅਤੇ ਸ਼ੂਟਰਾਂ ਵਿਚਕਾਰ ਚੱਲੀਆਂ ਗੋਲੀਆਂ, ਪੁਲਿਸ ਮੁਲਾਜ਼ਮ ਅਤੇ 2...

ਨਵਾਂਸ਼ਹਿਰ ‘ਚ ਪੁਲਿਸ ਅਤੇ ਸ਼ੂਟਰਾਂ ਵਿਚਕਾਰ ਚੱਲੀਆਂ ਗੋਲੀਆਂ, ਪੁਲਿਸ ਮੁਲਾਜ਼ਮ ਅਤੇ 2 ਸ਼ੂਟਰ ਜ਼ਖ਼ਮੀ

ਨਵਾਂਸ਼ਹਿਰ (ਦ ਸਟੈਲਰ ਨਿਊਜ਼)। ਨਵਾਂਸ਼ਹਿਰ ਦੇ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਸ਼ਹਿਰ ਵਿੱਚ ਇੱਕ ਵਿਅਕਤੀ ਦਾ ਕਤਲ ਕਰਨ ਆਏ ਗੈਂਗਸਟਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਦਿਆਂ ਹਥਿਆਰਾਂ ਸਮੇਤ ਸ਼ੂਟਰਾਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਇੰਸਪੈਕਟਰ ਨੀਰਜ ਚੌਧਰੀ, ਇੰਚਾਰਜ ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੂਸਾਪੁਰ ਫਾਟਕ ਨਵਾਂਸ਼ਹਿਰ ਕੋਲ ਮੋਟਰਸਾਈਕਲ ਸਵਾਰ ਤਿੰਨ ਸ਼ੂਟਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸ਼ੂਟਰਾਂ ਨੇ ਪੁਲਿਸ ’ਤੇ ਤਾਬੜਤੋੜ ਫਾਈਰਿੰਗ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਦੋ ਸ਼ੂਟਰ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ, ਜਦਕਿ ਸ਼ੂਟਰਾਂ ਦੀ ਗੋਲੀ ਲੱਗਣ ਨਾਲ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਦਾਖ਼ਲ ਕਰਵਾਇਆ ਗਿਆ ਹੈ। ਕਾਬੂ ਕੀਤੇ ਸ਼ੂਟਰਾਂ ਦੀ ਪਹਿਚਾਣ ਅਜੇਵੀਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਉੜਾਪੜ ਅਤੇ ਅਜੇ ਪੁੱਤਰ ਬਿਹਾਰੀ ਵਾਸੀ ਵਾਰਡ ਨੰਬਰ 6, ਜਲੰਧਰ ਵਜੋਂ ਹੋਈ ਹੈ।

Advertisements

ਮੌਕੇ ਤੋਂ ਫ਼ਰਾਰ ਹੋਏ ਤੀਜੇ ਸ਼ੂਟਰ ਦਵਿੰਦਰ ਵਾਸੀ ਸਲੋਹ ਰੋਡ, ਨਵਾਂਸ਼ਹਿਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਿਕ ਇਹ ਵਾਰਦਾਤ ਵਿਦੇਸ਼ ਵਿੱਚ ਬੈਠੇ ਖ਼ਤਰਨਾਕ ਗੈਂਗ ਦੇ ਮੈਂਬਰ ਸਾਹਬੀ ਮੀਰਪੁਰ, ਪ੍ਰਣਵ ਸਹਿਗਲ ਉਰਫ਼ ਪਾਰੂ ਅਤੇ ਗੱਗੀ ਦੀ ਸਾਜ਼ਿਸ਼ ਸੀ, ਜਿਸ ਨੂੰ ਸੀ.ਆਈ.ਏ. ਦੀ ਟੀਮ ਨੇ ਆਪਣੀ ਦਲੇਰੀ ਨਾਲ ਸਮੇਂ ਸਿਰ ਨਾਕਾਮ ਕਰ ਦਿੱਤਾ। ਦੋਸ਼ੀਆਂ ਕੋਲੋਂ 1 ਪਿਸਤੌਲ .30 ਬੋਰ ਸਮੇਤ 2 ਮੈਗਜ਼ੀਨ, 5 ਰੌਂਦ ਜ਼ਿੰਦਾ, 3 ਚੱਲੇ ਖੋਲ੍ਹ ਅਤੇ 1 ਗਲੌਕ 9mm ਪਿਸਤੌਲ ਸਮੇਤ 1 ਮੈਗਜ਼ੀਨ, 5 ਰੌਂਦ ਜ਼ਿੰਦਾ, 3 ਚੱਲੇ ਖੋਲ੍ਹ ਬਰਾਮਦ ਕੀਤੇ ਗਏ ਹਨ। ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮੁਕੱਦਮਾ ਨੰਬਰ 179 ਅਧੀਨ ਬੀ.ਐੱਨ.ਐੱਸ. (BNS) ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਅਜੇ ਉੱਪਰ ਪਹਿਲਾਂ ਵੀ ਐੱਨ.ਡੀ.ਪੀ.ਐੱਸ. (NDPS) ਅਤੇ ਲੜਾਈ-ਝਗੜੇ ਦੇ 5 ਪਰਚੇ ਦਰਜ ਹਨ।

LEAVE A REPLY

Please enter your comment!
Please enter your name here