Saturday, October 24, 2026
Home International ਅਮਰੀਕਾ ‘ਚ ਪਹਿਲੀ ਵਾਰ ਪੰਜਾਬੀ ਨੌਜਵਾਨ ਦੇ ਨਾਂ ‘ਤੇ ਬਣਿਆ ‘ਰੋਮਾਂਚ ਲਾਅ’,...

ਅਮਰੀਕਾ ‘ਚ ਪਹਿਲੀ ਵਾਰ ਪੰਜਾਬੀ ਨੌਜਵਾਨ ਦੇ ਨਾਂ ‘ਤੇ ਬਣਿਆ ‘ਰੋਮਾਂਚ ਲਾਅ’, ਨਿਊਯਾਰਕ ‘ਚ ਘੋੜਾ-ਬੱਗੀਆਂ ‘ਤੇ ਲੱਗੀ ਪਾਬੰਦੀ

ਪਠਾਨਕੋਟ (ਦ ਸਟੈਲਰ ਨਿਊਜ਼)। ਅਮਰੀਕਾ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਦੇ ਨਾਂ ‘ਤੇ ਕਾਨੂੰਨ ਬਣਿਆ ਹੈ।  ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਪਠਾਨਕੋਟ ਦੇ ਰਹਿਣ ਵਾਲੇ ਰੋਮਾਂਚ ਮਹਾਜਨ ਦੇ ਨਾਂ ‘ਤੇ ਅਮਰੀਕਾ ਵਿੱਚ ਰੋਮਾਂਚ ਲਾਅ ਪਾਸ ਹੋ ਗਿਆ ਹੈ। ਇਸ ਦੇ ਨਾਲ ਹੀ ਨਿਊਯਾਰਕ ਦੀਆਂ ਸੜਕਾਂ ‘ਤੇ 150 ਸਾਲ ਪੁਰਾਣੀਆਂ ਰਵਾਇਤੀ ਘੋੜਾ-ਗੱਡੀਆਂ (ਹੌਰਸ ਕੈਰੇਜ) ‘ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ‘ਤੇ ਵੀ ਮੋਹਰ ਲੱਗ ਗਈ ਹੈ। ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਘੋੜਾ-ਗੱਡੀ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਪਠਾਨਕੋਟ ਵਾਸੀ ਰੋਮਾਂਚ ਮਹਾਜਨ ਦੀ ਯਾਦ ਵਿੱਚ ਉਨ੍ਹਾਂ ਦੇ ਨਾਂ ’ਤੇ ਕਾਨੂੰਨ ਬਣਾਇਆ ਗਿਆ ਹੈ। ‘ਰੋਮਾਂਚ ਲਾਅ’ ਵਜੋਂ ਜਾਣੇ ਜਾਂਦੇ ਇਸ ਕਾਨੂੰਨ ਤਹਿਤ ਜੂਨ 2028 ਤੱਕ ਨਿਊਯਾਰਕ ਸ਼ਹਿਰ ਵਿੱਚ ਰਵਾਇਤੀ ਘੋੜਾ-ਗੱਡੀਆਂ ਦੇ ਸੰਚਾਲਨ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਕਦਮ ਨੂੰ ਪਸ਼ੂਆਂ ਦੀ ਸੁਰੱਖਿਆ ਤੇ ਅਜਿਹੇ ਹਾਦਸਿਆਂ ਨੂੰ ਰੋਕਣ ਵੱਲ ਅਹਿਮ ਪਹਿਲ ਮੰਨਿਆ ਜਾ ਰਿਹਾ ਹੈ। ਨਿਊਯਾਰਕ ਸਿਟੀ ਕੌਂਸਲ ਵਿੱਚ ਕੌਂਸਲ ਮੈਂਬਰ ਕ੍ਰਿਸਟੋਫਰ ਮਾਰਟੇ ਵੱਲੋਂ ਪੇਸ਼ ਕੀਤੇ ਗਏ। ਇਸ ਬਿੱਲ ਨੂੰ ਮੇਅਰ ਜੋਹਰਾਨ ਮਮਦਾਨੀ ਤੇ ਸਪੀਕਰ ਜੂਲੀ ਮੇਨਿਨ ਦੀ ਸਹਿਮਤੀ ਮਗਰੋਂ ਬਹੁਮਤ ਨਾਲ ਪਾਸ ਕੀਤਾ ਗਿਆ। ਇਸ ਕਾਨੂੰਨ ਤਹਿਤ ਨਵੇਂ ਘੋੜਾ-ਗੱਡੀ ਲਾਇਸੈਂਸ ਜਾਰੀ ਕਰਨ ’ਤੇ ਰੋਕ ਤੇ ਘੋੜਿਆਂ ਦੀ ਸੁਰੱਖਿਆ ਲਈ ਪ੍ਰਬੰਧ ਕਰਨ ਦੇ ਨਾਲ-ਨਾਲ ਗੱਡੀਆਂ ਦੇ ਚਾਲਕਾਂ ਦੇ ਰੁਜ਼ਗਾਰ ਲਈ ਮੁੜ-ਵਸੇਬਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ।

Advertisements

ਜ਼ਿਕਰਯੋਗ ਹੈ ਕਿ 18 ਸਾਲਾ ਰੋਮਾਂਚ ਮਹਾਜਨ ਆਪਣੇ ਪਿਤਾ ਦੀਪਕ ਮਹਾਜਨ, ਮਾਤਾ ਪ੍ਰਿਆ ਮਹਾਜਨ ਤੇ ਛੋਟੇ ਭਰਾ ਮਾਣਿਕ ਨਾਲ 14 ਜੂਨ ਨੂੰ ਅਮਰੀਕਾ ਘੁੰਮਣ ਗਿਆ ਸੀ। ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਘੋੜਾ ਅਚਾਨਕ ਬੇਕਾਬੂ ਹੋ ਗਿਆ, ਜਿਸ ਕਾਰਨ ਘੋੜਾ-ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਆਪਣੀ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਰੋਮਾਂਚ ਸੜਕ ’ਤੇ ਡਿੱਗ ਪਿਆ ਤੇ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਰੋਮਾਂਚ ਦੇ ਪਿਤਾ ਦੀਪਕ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ, ਪਰ ਰੋਮਾਂਚ ਦੇ ਨਾਂ ’ਤੇ ਕਾਨੂੰਨ ਬਣਨਾ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ, ਪਸ਼ੂ ਅਧਿਕਾਰ ਸੰਸਥਾ ਪੇਟਾ ਵੱਲੋਂ ਵੀ ਰੋਮਾਂਚ ਦੀ ਯਾਦ ਵਿੱਚ ਵਰਜੀਨੀਆ ਸਥਿਤ ਆਪਣੇ ਮੁੱਖ ਦਫ਼ਤਰ ਦੇ ‘ਟ੍ਰੀ ਆਫ਼ ਲਾਈਫ਼’ ਸਮਾਰਕ ਵਿੱਚ ਵਿਸ਼ੇਸ਼ ਪੱਤੀ ਸਮਰਪਿਤ ਕੀਤੀ ਜਾਵੇਗੀ। ਇਸ ਪੱਤੀ ’ਤੇ ਰੋਮਾਂਚ ਨੂੰ ਪਸ਼ੂਆਂ ਦਾ ਹਮਦਰਦ ਦੱਸਦਿਆਂ ਸ਼ਰਧਾਂਜਲੀ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here