ਡੇਅਰੀ ਵਿਕਾਸ ਵਿਭਾਗ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲਗਾਏ ਕੈਂਪ ਦੌਰਾਨ ਕਿਸਾਨਾਂ ਨੂੰ ਦਿੱਤੀ ਅਹਿਮ ਜਾਣਕਾਰੀ 

ਹੁਸ਼ਿਆਰਪੁਰ,(ਦਾ ਸਟੈਲਰ ਨਿਊਜ਼) ਰਿਪੋਰਟ:ਗੁਰਜੀਤ ਸੋਨੂੰ। ਡੇਅਰੀ ਵਿਕਾਸ ਵਿਭਾਗ ਵਲੋਂ ਪਿੰਡ ਰੂਪੋਵਾਲ ਅਤੇ ਪਿੰਡ ਕੌਲਪੁਰ ਵਿਖੇ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਅਹਿਮ ਜਾਣਕਾਰੀ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਵਿਭਾਗ ਦੇ ਰਿਸੋਰਸ ਪਰਸਨ ਡਾ. ਵਿਪਨ ਮਰਵਾਹਾ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਡੇਅਰੀ ਫਾਰਮ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਪਸ਼ੂਆਂ ਦੇ ਆਲੇ-ਦੁਆਲੇ ਸਫ਼ਾਈ ਰੱਖਣੀ ਯਕੀਨੀ ਬਣਾਉਣ।

Advertisements

ਇਸ ਤੋਂ ਇਲਾਵਾ ਉਨਾਂ ਦੇ ਚਾਰੇ ਦਾ ਵੀ ਖਾਸ  ਧਿਆਨ ਰੱਖਿਆ ਜਾਵੇ। ਉਨਾਂ ਕਿਹਾ ਕਿ ਜੇਕਰ ਪਸ਼ੂ ਤੰਦਰੁਸਤ ਹੋਣਗੇ, ਤਾਂ ਹੀ ਸ਼ੁੱਧ ਦੁੱਧ ਮਿਲ ਸਕਦਾ ਹੈ, ਇਸ ਲਈ ਪਸ਼ੂਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ ਕਿਸੇ ਵੀ ਤਰਾਂ ਦੀ ਬਿਮਾਰੀ ਲਈ ਨੇੜੇ ਦੇ ਪਸ਼ੂ ਹਸਪਤਾਲ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਉਨਾਂ ਅਪੀਲ ਕੀਤੀ ਕਿ ਪਸ਼ੂ ਪਾਲਕਾਂ ਵਲੋਂ ਚੰਗੀ ਨਸਲ ਦੇ ਪਸ਼ੂ ਪਾਲਣ ਨਾਲ ਉਨਾਂ ਦੀ ਆਮਦਨ ਵਿੱਚ ਹੋਰ ਵਾਧਾ ਹੁੰਦਾ ਹੈ। ਬੁਲਾਰਿਆਂ ਨੇ ਕਿਹਾ ਕਿ ਮਨੁੱਖੀ ਜਿੰਦਗੀ ਵਿੱਚ ਦੁੱਧ ਦੀ ਵਿਸ਼ੇਸ਼ ਮਹੱਤਤਾ ਹੈ, ਇਸ ਲਈ ਪਸ਼ੂ ਪਾਲਕ ਇਹ ਯਕੀਨੀ ਬਣਾਉਣ ਕਿ ਦੁਧਾਰੂ ਪਸ਼ੂਆਂ ਨੂੰ ਪੌਸ਼ਟਿਕ ਚਾਰਾ ਹੀ ਮੁਹੱਈਆ ਕਰਵਾਇਆ ਜਾਵੇ।

ਉਨਾਂ ਕਿਹਾ ਕਿ ਜੇਕਰ ਚਾਰੇ ਲਈ ਧੜਾਧੜ ਖਾਦਾਂ ਸਪਰੇਆਂ ਦੀ ਵਰਤੋਂ ਕੀਤੀ ਜਾਵੇਗੀ, ਤਾਂ ਇਸ ਦਾ ਅਸਰ ਪਸ਼ੂਆਂ ਦੇ ਦੁੱਧ ਤੋਂ ਮਨੁੱਖੀ ਜਿੰਦਗੀ ਨੂੰ ਜ਼ਰੂਰ ਹੋਵੇਗਾ। ਉਨਾਂ ਕਿਹਾ ਕਿ ਅਜਿਹੀ ਖੁਰਾਕ ਦੁਧਾਰੂ ਪਸ਼ੂਆਂ ਲਈ ਵੀ ਬਹੁਤ ਖਤਰਨਾਕ ਹੈ।  ਮਾਹਿਰਾਂ ਨੇ ਕਿਹਾ ਕਿ ਦੁਧਾਰੂ ਪਸ਼ੂਆਂ ਦੀ ਰਿਹਾਇਸ਼ ਵਾਲੀ ਥਾਂ ‘ਤੇ ਸਾਫ਼-ਸਫ਼ਾਈ ਸਬੰਧੀ ਵਿਸ਼ੇਸ਼ ਧਿਆਨ ਰੱਖਣ ਦੀ ਵੀ ਲੋੜ ਹੁੰਦੀ ਹੈ। ਉਨਾਂ ਦੱਸਿਆ ਕਿ ਪਸ਼ੂਆਂ ਨੂੰ ਲੱਗਣ ਵਾਲੀਆਂ ਆਮ ਬਿਮਾਰੀਆਂ ਮੈਸਟਾਈਟਸ, ਗੱਲਘੋਟੂ ਅਤੇ ਮੂੰਹਖੁਰ ਤੋਂ ਬਚਾਉਣ ਲਈ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਅਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, ਤਾਂ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ।

ਉਨਾਂ ਸਾਫ਼ ਦੁੱਧ ਪੈਦਾ ਕਰਨ ਅਤੇ ਦੁੱਧ ਤੋਂ ਦੁੱਧ ਪਦਾਰਥ ਬਣਾਉਣ ਸਬੰਧੀ ਸੰਭਾਵਨਾਵਾਂ ਬਾਰੇ ਵੀ ਦੁੱਧ ਉਤਪਾਦਕਾਂ ਨੂੰ ਬਰੀਕੀ ਨਾਲ ਜਾਣੂ ਕਰਵਾਇਆ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਸੂਬੇ ਦੇ ਪਿੰਡਾਂ ਵਿੱਚ ਇਸ ਸਾਲ 500 ਅਜਿਹੇ ਕੈਂਪ ਲਗਾਏ ਜਾਣਗੇ, ਤਾਂ ਜੋ ਜਿਥੇ ਵੱਧ ਤੋਂ ਵੱਧ ਉਤਪਾਦਕਾਂ ਨੂੰ ਇਸ ਸਹਾਇਕ ਧੰਦੇ ਨਾਲ ਜੋੜਿਆ ਜਾ ਸਕੇ, ਉਥੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਦੁੱਧ ਦੀ ਪੌਸ਼ਟਿਕਤਾ ਬਰਕਰਾਰ ਰੱਖਣ ਲਈ ਵਿਸ਼ੇਸ਼ ਜਾਗਰੂਕਤਾ ਫੈਲਾਈ ਜਾਵੇ। ਕੈਂਪ ਦੌਰਾਨ ਭਾਰੀ ਗਿਣਤੀ ਵਿੱਚ ਪੰਚਾਇਤਾਂ ਸਮੇਤ ਕਿਸਾਨ ਹਾਜ਼ਰ ਸਨ।

LEAVE A REPLY

Please enter your comment!
Please enter your name here