ਹੁਸ਼ਿਆਰਪੁਰ ਜ਼ਿਲੇ  ਦੇ ਸਰਕਾਰੀ ਦਫ਼ਤਰਾਂ ‘ਚ ਅੱਜ ਨਹੀਂ ਚੱਲਣਗੇ ਏ.ਸੀ., ਫਰਿੱਜ ਅਤੇ ਕੂਲਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਕ ਵੱਡੀ ਮੁਹਿੰਮ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਨੇ ਬਿਜਲੀ ਦੀ ਬੱਚਤ ਕਰਨ ਦਾ ਸੁਨੇਹਾ ਦੇਣ ਲਈ 3 ਜੁਲਾਈ ਨੂੰ ਸਰਕਾਰੀ ਦਫ਼ਤਰਾਂ ਵਿਚ ਏ.ਸੀ., ਫਰਿੱਜ ਅਤੇ ਕੂਲਰ ਬੰਦ ਰੱਖਣ ਦਾ ਇਕ ਨਿਵੇਕਲਾ ਉਪਰਾਲਾ ਕੀਤਾ ਹੈ। ਇਹ ਫੈਸਲਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪਮ ਕਲੇਰ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ ਅਤੇ ਇਸ ਮੌਕੇ ਅਧਿਕਾਰੀਆਂ ਵਲੋਂ ਏ.ਸੀ., ਫਰਿੱਜ ਅਤੇ ਕੂਲਰ ਬੰਦ ਰੱਖਣ ਦਾ ਪ੍ਰਣ ਵੀ ਲਿਆ ਗਿਆ।

Advertisements

-ਜ਼ਿਲਾ ਪ੍ਰਸ਼ਾਸ਼ਨ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜਨਤਾ ਨੂੰ ਬਿਜਲੀ ਬਚਾਉਣ ਦਾ ਦਿੱਤਾ ਜਾਵੇਗਾ ਸੁਨੇਹਾ

ਸ਼੍ਰੀਮਤੀ ਕਲੇਰ ਨੇ ਕਿਹਾ ਕਿ 3 ਜੁਲਾਈ ਨੂੰ ਵਿਭਾਗਾਂ ਦੇ ਮੁਖੀ ਯਕੀਨੀ ਬਣਾਉਣ ਕਿ ਉਹਨਾਂ ਅਧੀਨ ਦਫ਼ਤਰਾਂ ਵਿਚ ਸਵੇਰੇ 9 ਵਜੇ ਤੋਂ 1 ਵਜੇ ਤੱਕ ਏ.ਸੀ., ਫਰਿੱਜ ਅਤੇ ਕੂਲਰ ਨਾ ਚਲਾਏ ਜਾਣ। ਉਹਨਾਂ ਕਿਹਾ ਕਿ ਬਿਜਲੀ ਅਤੇ ਪਾਣੀ ਦੀ ਬੱਚਤ ਕਰਨ ਵਿਚ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਕ ਦਿਨ ਲਈ ਏ.ਸੀ., ਫਰਿੱਜ ਅਤੇ ਕੂਲਰ ਬੰਦ ਰੱਖਣ ਦਾ ਇਹ ਉਪਰਾਲਾ ਇਸ ਲਈ ਕੀਤਾ ਜਾ ਰਿਹਾ ਹੈ, ਤਾਂ ਜੋ ਜ਼ਿਲਾ ਵਾਸੀਆਂ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਉਹ ਆਪਣੇ ਘਰਾਂ ਵਿਚ ਵੀ ਬਿਜਲੀ ਦੀ ਬੱਚਤ ਕਰਨ। ਉਹਨਾਂ ਕਿਹਾ ਕਿ ਕਿਸੇ ਵੇਲੇ ਬਿਨਾਂਂ ਕਿਸੇ ਵਿਅਕਤੀ ਦੇ ਹੀ ਕਮਰਿਆਂ ਵਿਚ ਲਾਈਟਾਂ, ਪੱਖੇ, ਕੂਲਰ, ਏ.ਸੀ ਆਦਿ ਚੱਲਦੇ ਰਹਿੰਦੇ ਹਨ, ਜਿਸ ਕਾਰਨ ਬਿਜਲੀ ਦੀ ਖਪਤ ਵਧੇਰੇ ਹੁੰਦੀ ਹੈ। ਉਹਨਾਂ ਕਿਹਾ ਕਿ ਫਜ਼ੂਲ ਚੱਲਦੇ ਬਿਜਲੀ ਉਪਕਰਨਾਂ ਨੂੰ ਬੰਦ ਕਰਨ ਵਰਗੇ ਛੋਟੇ-ਛੋਟੇ ਉਦਮਾਂ ਨਾਲ ਹੀ ਹਰੇਕ ਵਿਅਕਤੀ ਬਿਜਲੀ ਬਚਾਉਣ ਵਿਚ ਮੋਹਰੀ ਰੋਲ ਅਦਾ ਕਰ ਸਕਦਾ ਹੈ। ਉਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਦਫ਼ਤਰ ਤੋਂ ਉਠਣ, ਤਾਂ ਬਿਜਲੀ ਉਪਕਰਨਾਂ ਨੂੰ ਬੰਦ ਕਰਨਾ ਯਕੀਨੀ ਬਣਾਉਣ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ 4 ਜੁਲਾਈ ਨੂੰ ਕਾਰ ਪੂਲਿੰਗ ਡੇਅ ਹੋਵੇਗਾ, ਜਿਸ ਤਹਿਤ ਇਕ ਜਗਾ ਜਾਣ ਵਾਲੇ ਅਧਿਕਾਰੀ ਜਾਂ ਕਰਮਚਾਰੀ ਸਾਂਝੀ ਕਾਰ ਵਿਚ ਜਾ ਸਕਦੇ ਹਨ। Àਹਨਾਂ ਕਿਹਾ ਕਿ ਉਦਾਹਰਣ ਦੇ ਤੌਰ ‘ਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਤਾਇਨਾਤ ਚਾਰ ਅਧਿਕਾਰੀ ਜਾਂ ਕਰਮਚਾਰੀ ਜੇਕਰ ਨੇੜੇ-ਤੇੜੇ ਦੇ ਹਨ, ਤਾਂ ਉਹ ਆਪਣੀਆਂ ਚਾਰ ਕਾਰਾਂ ਲਿਜਾਣ ਦੀ ਬਜਾਏ ਕੇਵਲ ਇਕ ਕਾਰ ਵਿਚ ਹੀ ਸਫ਼ਰ ਕਰ ਸਕਦੇ ਹਨ। ਇਸ ਤੋਂ ਇਲਾਵਾ ਪਬਲਿਕ ਟਰਾਂਸਪੋਰਟ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਸ਼੍ਰੀਮਤੀ ਕਲੇਰ ਨੇ ਕਿਹਾ ਕਿ ਸਰੀਰਕ ਤੰਦਰੁਸਤੀ ਦਾ ਸੁਨੇਹਾ ਦੇਣ ਲਈ 5 ਜੁਲਾਈ ਨੂੰ ਅਧਿਕਾਰੀ ਅਤੇ ਕਰਮਚਾਰੀ ਸਾਈਕਲ ‘ਤੇ ਦਫ਼ਤਰ ਆਉਣ ਨੂੰ ਤਰਜ਼ੀਹ ਦੇਣ। ਇਸ ਨਾਲ ਜਿੱਥੇ ਸਰੀਰਕ ਤੰਦਰੁਸਤੀ ਬਰਕਰਾਰ ਰੱਖੀ ਜਾ ਸਕਦੀ ਹੈ, ਉਥੇ ਗੱਡੀਆਂ ਰਾਹੀਂ ਪੈਦਾ ਹੋ ਰਹੇ ਪ੍ਰਦੂਸ਼ਣ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ 6 ਜੁਲਾਈ ਨੂੰ ਘੜਿਆਂ ਦਾ ਪਾਣੀ ਪੀਤਾ ਜਾਵੇਗਾ, ਕਿਉਂਕਿ ਘੜੇ ਦਾ ਪਾਣੀ ਸਿਹਤ ਲਈ ਬੜਾ ਫਾਇਦੇਮੰਦ ਹੈ। ਉਹਨਾਂ ਕਿਹਾ ਕਿ ਉਕਤ ਕੀਤੇ ਜਾ ਰਹੇ ਉਪਰਾਲਿਆਂ ਤੋਂ ਸੇਧ ਲੈਂਦੇ ਹੋਏ ਹਰੇਕ ਵਿਅਕਤੀ ਨੂੰ ਅੱਗੇ ਆ ਕੇ ਵਾਤਾਵਰਣ ਅਤੇ ਆਪਣੇ ਸਰੀਰ ਦੀ ਤੰਦਰੁਸਤੀ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਅਜਿਹੇ ਉਪਰਾਲਿਆਂ ਨਾਲ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਹੋਰ ਪੱਬਾਂ ਭਾਰ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here