ਭਾਈ ਘਨੱਈਆ ਜੀ ਬ੍ਰਿਗੇਡ ਵਲੰਟੀਅਰਜ਼ ਨੂੰ ਮੁਢਲੀ ਡਾਕਟਰੀ ਸਹਾਇਤਾ ਦੀ ਸਿਖ਼ਲਾਈ ਦਿੱਤੀ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼), ਰਿਪੋਰਟ- ਮੁਕਤਾ ਵਾਲਿਆ। ਭਾਈ ਘਨੱਈਆ ਜੀ ਦੀ ਤੀਜੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਅਤੇ ਹੋਰ ਰਾਜਾਂ ਦੀਆਂ ਸਮਾਜ-ਸੇਵੀ ਸੰਸਥਾਵਾਂ ਦੀ ਇਕ ਸਾਂਝੀ ਸੇਵਾ ਲਹਿਰ ਭਾਈ ਘਨੱਈਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਵਲੋਂ ਮਿੱਥੇ ਉਦੇਸ਼ਾਂ ਅਤੇ ਟੀਚਿਆਂ ਤਹਿਤ ਮੁਢਲੀ ਡਾਕਟਰੀ ਸਹਾਇਤਾ ਦਾ ਸਿਖ਼ਲਾਈ ਕੈਂਪ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿਚ ਹਿੱਸਾ ਲੈਣ ਵਾਲਿਆਂ ਨੂੰ ਭਾਈ ਘਨੱਈਆ ਜੀ ਬ੍ਰਿਗੇਡ ਵਲੰਟੀਅਰਜ਼ ਦੀ ਸੂਚੀ ਨਾਲ ਜੋੜਿਆ ਗਿਆ।  ਭਾਈ ਬਚਿੱਤਰ ਸਿੰਘ ਗਤਕਾ ਅਖਾੜਾ ਦੇ ਮਨਦੀਪ ਸਿੰਘ ਤੇ ਪ੍ਰਭਸ਼ਰਨ ਸਿੰਘ ਦੇ ਅਹਿਮ ਯੋਗਦਾਨ  ਅਤੇ ਗੁਰਮਤਿ ਕਾਲਜ, ਫ਼ਤਹਿ ਯੂਥ ਕਲੱਬ, ਦਸਮੇਸ਼ ਕਲੱਬ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਇਸ ਸਿਖ਼ਲਾਈ ਕੈਂਪ ਦਾ ਆਗਾਜ਼ ਹੋਇਆ। ਰੈਡ ਕਰਾਸ ਦੇ ਟ੍ਰੇਨਰ ਸੰਤੋਖ ਸਿੰਘ ਹੀਰ ਏ.ਐਸ.ਆਈ. ਨੇ ਘਰੇਲੂ ਅਤੇ ਸੜਕੀ ਦੁਰਘਟਨਾਵਾਂ ਮੌਕੇ ਮੁਢਲੀ ਸਹਾਇਤਾ ਦੇਣ ਦੇ ਤਰੀਕਿਆਂ ਦੇ ਪ੍ਰਯੋਗ ਕਰਵਾਏ।

Advertisements

ਫਾਊਂਡੇਸ਼ਨ ਨਾਲ ਹੁਸ਼ਿਆਰਪੁਰ ਤੋਂ ਜੁੜੀ ਖੇਤਰੀ ਸੰਸਥਾ ਸ਼ੁਭ ਕਰਮਨ ਸੁਸਾਇਟੀ ਦੇ ਚੇਅਰਮੈਨ ਰਸ਼ਪਾਲ ਸਿੰਘ ਨੇ ਅਪੀਲ ਕੀਤੀ ਕਿ ਸਹਾਇਤਾ ਸੇਵਾ ਦੀ ਨਿਰੰਤਰਤਾ ਲਈ ਧਾਰਮਿਕ, ਵਿੱਦਿਅਕ , ਸਮਾਜਿਕ ਸੰਸਥਾਵਾਂ ਅਤੇ ਰਾਜਨੀਤਿਕ ਜਥੇਬੰਦੀਆਂ ਇਸ ਕਾਰਜ ਦਾ ਹਿੱਸਾ ਬਣਨ। ਖੇਤਰੀ ਸੰਸਥਾ ਨੇਤਰਦਾਨ ਐਸੋਸੀਏਸ਼ਨ ਦੇ ਪ੍ਰਤੀਨਿਧ ਗੁਰਪ੍ਰੀਤ ਸਿੰਘ ਨੇ ਨੌਜਵਾਨੀ ਨਾਲ ਤਾਲਮੇਲ਼ ਲਈ ਉਤਸ਼ਾਹਿਤ ਕੀਤਾ। ਗੁਰਸਿੱਖ ਫੈਮਿਲੀ ਕਲੱਬ ਤੋਂ ਡਾ: ਹਰਜਿੰਦਰ ਸਿੰਘ ਉਬਰਾਏ ਨੇ ਮੁਢਲੀ ਸਹਾਇਤਾ ਦੌਰਾਨ ਦਵਾਈਆਂ ਦੀ ਸਹੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਚਰਨਦੀਪ ਸਿੰਘ ਦਸਮੇਸ਼ ਕਲੱਬ ਨੇ ਕਿਹਾ ਕਿ ਉਹ ਇਸ ਮੁਹਿੰਮ ਨੂੰ ਪਿੰਡਾਂ ਵਿਚ ਲੈ ਕੇ ਜਾਣਗੇ। ਕਰਨੈਲ਼ ਸਿੰਘ ਫ਼ਤਹਿ ਯੂਥ ਕਲੱਬ ਨੇ ਅਣਗਹਿਲੀ ਕਾਰਣ ਵਾਪਰਦੇ ਹਾਦਸਿਆਂ’ਤੇ ਵੀ ਕਾਬੂ ਪਾਉਣ ਦੀ ਲੋੜ ਨੂੰ ਉਭਾਰਿਆ। ਗੁਰਚਰਨ ਸਿੰਘ ਸਿੱਖ ਮਿਸ਼ਨਰੀ ਕਾਲਜ ਨੇ ਕਿਹਾ ਕਿ ਰੋਗੀ ਜਾਂ ਫੱਟੜ ਜੀਵ ਦੇ ਕੰਮ ਆਉਣਾ ਵੱਡੀ ਸੇਵਾ ਹੈ।
ਫਾਊਂਡੇਸ਼ਨ ਦੇ ਕੇਂਦਰੀ ਕੋਆਰਡੀਨੇਟਰ ਪ੍ਰੋ: ਬਹਾਦਰ ਸਿੰਘ ਸਨੇਤ ਨੇ ਦੱਸਿਆ ਕਿ 20 ਸਤੰਬਰ ਨੂੰ ਆ ਰਹੀ ਬਰਸੀ ਨੂੰ ਸਮਰਪਿਤ ਦੇਸ਼-ਵਿਦੇਸ਼ ਪੱਧਰ’ਤੇ ਸਰਕਾਰਾਂ ਅਤੇ ਸਿਰਮੌਰ ਸੰਸਥਾਵਾਂ ਦੇ ਸਹਿਯੋਗ ਨਾਲ ਸਮਾਜ ਭਲਾਈ ਹਿਤ ਵੱਖ ਵੱਖ ਪ੍ਰੋਗਰਾਮ ਨਿਭਾਏ ਜਾਣੇ ਹਨ। ਪ੍ਰੇਮ ਸਿੰਘ ਡਿਪਟੀ ਮੇਅਰ ਮਿਊਂਸੀਪਲ ਕਾਰਪੋਰੇਸ਼ਨ ਨੇ ਕਿਹਾ ਕਿ ਹਰ ਵਾਰਡ ਵਿਚ ਅਜਿਹੇ ਕੈਂਪ ਲਾਉਣੇ ਜਰੂਰੀ ਹਨ। ਹਰਜਿੰਦਰ ਸਿੰਘ ਧਾਮੀ ਐਡਵੋਕੇਟ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨੇ ਇਸ ਸੇਵਾ ਦੀ ਮਹੱਤਤਾ’ਤੇ ਚਾਨਣਾ ਪਾਉਂਦਿਆਂ ਭਰੋਸਾ ਦਿੱਤਾ ਕਿ ਭਾਈ ਘਨੱਈਆ ਜੀ ਬ੍ਰਿਗੇਡ ਵਲੰਟੀਅਰਜ਼ ਦੀ ਕਾਲਜਾਂ ਵਿਚ ਸਥਾਪਨਾ ਲਈ ਯੋਗਦਾਨ ਪਾਉਣਗੇ। ਵਿਸ਼ੇਸ਼ ਤੌਰ ਤੇ ਸੰਤੋਖ ਸਿੰਘ ਹੀਰ, ਮਨਦੀਪ ਸਿੰਘ ਤੇ ਪ੍ਰਭਸ਼ਰਨ ਸਿੰਘ ਅਤੇ ਪ੍ਰੋ: ਬਹਾਦਰ ਸਿੰਘ ਸਨੇਤ ਨੂੰ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here