ਭੱਠਿਆਂ ਦੇ ਪ੍ਰਦੂਸ਼ਣ ਨੂੰ ਠੱਲਣ ਲਈ ਫਲਾਇੰਗ ਸਕੁਐਡ ਕਾਇਮ: ਸੋਨੀ

ਚੰਡੀਗੜ (ਦਾ ਸਟੈਲਰ ਨਿਊਜ਼)। ਪੰਜਾਬ ਦੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਭੱਠਿਆਂ ਵਿੱਚੋਂ ਨਿਕਲਦੇ ਕਾਲੇ ਧੂੰਏ ਨੂੰ ਠੱਲ ਪਾਉਣ ਲਈ ਫਲਾਇੰਗ ਸਕੁਐਡ ਕਾਇਮ ਕੀਤਾ ਹੈ। ਇਹ ਟੀਮਾਂ ਭੱਠਿਆਂ ਉਤੇ ਛਾਪੇ ਮਾਰ ਕੇ ਇਹਨਾਂ ਉਤੇ ਪ੍ਰਦੂਸ਼ਣ ਕੰਟਰੋਲ ਕਰਨ ਵਾਲੇ ਯੰਤਰਾਂ ਦੀ ਵਰਤੋਂ ਯਕੀਨੀ ਬਣਾਉਣਗੀਆਂ। ਇੱਥੇ ਭੱਠਾ ਮਾਲਕਾਂ ਨਾਲ ਮੀਟਿੰਗ ਦੌਰਾਨ ਸ੍ਰੀ ਸੋਨੀ ਨੇ ਕਿਹਾ ਕਿ ਭੱਠਿਆਂ ਵਿੱਚ ਟਾਇਰਾਂ ਜਾਂ ਹੋਰ ਘਟੀਆ ਬਾਲਣਾਂ ਦੀ ਵਰਤੋਂ ਨਾਲ ਕਾਲਾ ਧੂੰਆਂ ਨਿਕਲਦਾ ਹੈ, ਜੋ ਵਾਤਾਵਰਣ ਨੂੰ ਜ਼ਹਿਰੀਲਾ ਬਣਾਉਂਦਾ ਹੈ। ਇਸ ਪ੍ਰਦੂਸ਼ਣ ਉਤੇ ਕਾਬੂ ਪਾਉਣ ਲਈ ਵਾਤਾਵਰਣ ਵਿਭਾਗ ਦੇ ਮੁੱਖ ਇੰਜਨੀਅਰਾਂ ਦੀ ਡਿਊਟੀ ਲਾਈ ਗਈ ਹੈ, ਜਿਸ ਤਹਿਤ ਫਲਾਇੰਗ ਸਕੂਐਡ (ਛਾਪਾਮਾਰ ਦਸਤੇ) ਕਾਇਮ ਕੀਤੇ ਗਏ ਹਨ, ਜੋ ਭੱਠਿਆਂ ਦੀ ਬਾਕਾਇਦਾ ਜਾਂਚ ਕਰਨਗੇ।

Advertisements

ਵਾਤਾਵਰਣ ਮੰਤਰੀ ਨੇ ਭੱਠਾ ਮਾਲਕਾਂ ਨੂੰ ਕਿਹਾ ਕਿ ਉਹ ਪ੍ਰਦੂਸ਼ਣ ਉਤੇ ਕਾਬੂ ਪਾਉਣ ਲਈ ਸਰਕਾਰ ਦਾ ਸਾਥ ਦੇਣ ਅਤੇ ਅਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਨ ਤਾਂ ਕਿ ਪੰਜਾਬ ਦੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ। ਉਹਨਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਨੂੰ ਕਿਹਾ ਕਿ ਜਿਹੜੇ ਭੱਠਿਆਂ ਉਤੇ ਬਾਲਣ ਵਜੋਂ ਟਾਇਰਾਂ ਜਾਂ ਹੋਰ ਘਟੀਆ ਬਾਲਣਾਂ ਦੀ ਵਰਤੋਂ ਹੁੰਦੀ ਹੈ, ਉਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮੀਟਿੰਗ ਦੌਰਾਨ ਭੱਠਾ ਮਾਲਕਾਂ ਨੇ ਭੱਠੇ ਚਲਾਉਣ ਦੀ ਮਿਆਦ ਵਿੱਚ ਤਬਦੀਲੀ ਦੀ ਮੰਗ ਕੀਤੀ, ਜਿਸ ਉਤੇ ਸੋਨੀ ਨੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਤੇ ਵਾਤਾਵਰਣ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here