ਸਿੱਧੂ ਨੇ ਪਾਕਿਸਤਾਨ ਦੇ ਫੌਜ ਮੁਖੀ ਨੂੰ ਗਲਵੱਕੜੀ ਪਾਉਣਾ ਚੰਗਾ ਸੰਕੇਤ ਨਹੀਂ-ਮੁੱਖ ਮੰਤਰੀ

ਚੰਡੀਗੜ (ਦਾ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਸੈਨਾ ਮੁਖੀ ਨੂੰ ਗਲਵੱਕੜੀ ਪਾਉਣਾ ਚੰਗਾ ਸੰਕੇਤ ਨਹੀਂ ਸੀ ਅਤੇ ਇਹ ਪੂਰੀ ਤਰਾਂ ਟਾਲਣਯੋਗ ਸੀ। ਅੱਜ ਇੱਥੇ ਫੋਟੋ ਪ੍ਰਦਰਸ਼ਨੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਹਰ ਰੋਜ਼ ਸਰਹੱਦਾਂ ‘ਤੇ ਸਾਡੇ ਭਾਰਤੀ ਸੈਨਿਕਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਤਾਂ ਸ੍ਰੀ ਸਿੱਧੂ ਨੂੰ ਅਜਿਹੇ ਸੰਕੇਤ ਦਾ ਇਜ਼ਹਾਰ ਕਰਨ ਤੋਂ ਬਚਣਾ ਚਾਹੀਦਾ ਸੀ। ਸਵਾਲਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਖਰ ਮਾਰਨ ਦੇ ਹੁਕਮ ਦੇਣ ਵਾਲਾ ਤਾਂ ਸੈਨਾ ਦਾ ਮੁਖੀ ਹੀ ਹੁੰਦਾ ਹੈ ਅਤੇ ਸੈਨਿਕ ਤਾਂ ਆਪਣੇ ਮੁਖੀ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਸੈਨਿਕਾਂ ਦੀਆਂ ਹੱਤਿਆਵਾਂ ਲਈ ਪਾਕਿਸਤਾਨ ਦਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਜ਼ਿੰਮੇਵਾਰ ਹੈ ਅਤੇ ਸਿੱਧੂ ਨੂੰ ਉਸ ਪ੍ਰਤੀ ਅਜਿਹੇ ਸੰਕੇਤ ਦਾ ਪ੍ਰਗਟਾਵਾ ਨਹੀਂ ਸੀ ਕਰਨਾ ਚਾਹੀਦਾ।
ਸ੍ਰੀ ਸਿੱਧੂ ਵੱਲੋਂ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੇ ਸਦਰ ਨਾਲ ਬੈਠਣ ਬਾਰੇ ਪੁੱਛੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਹੋ ਸਕਦਾ ਹੈ ਕਿ ਕੈਬਨਿਟ ਮੰਤਰੀ ਨੂੰ ਇਹ ਪਤਾ ਨਾ ਹੋਵੇ ਕਿ ਉਸ ਨਾਲ ਕੌਣ ਬੈਠਾ ਹੈ ਅਤੇ ਬੈਠਣ ਦੇ ਇੰਤਜ਼ਾਮ ਵੀ ਉਸ ਦੇ ਹੱਥਾਂ ਵਿੱਚ ਨਹੀਂ ਸਨ। ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਵੱਲੋਂ ਸ੍ਰੀ ਸਿੱਧੂ ਦਾ ਅਸਤੀਫਾ ਲੈਣ ਦੀ ਮੰਗ ਨੂੰ ਗੈਰ-ਵਾਜਬ ਦੱਸਦਿਆਂ ਰੱਦ ਕਰ ਦਿੱਤਾ। ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਥੋਂ ਤੱਕ ਸੀ੍ਰ ਸਿੱਧੂ ਦੇ ਇਮਰਾਨ ਖਾਨ ਦੇ ਹਲਫ਼ਦਾਰੀ ਸਮਾਗਮ ਵਿੱਚ ਜਾਣ ਦੀ ਗੱਲ ਹੈ, ਕ੍ਰਿਕਟ ਖੇਡਣ ਦੇ ਸਮੇਂ ਦੌਰਾਨ ਉਸ ਦੇ ਸਾਬਕਾ ਕ੍ਰਿਕਟਰ ਨਾਲ ਨੇੜਲੇ ਸਬੰਧਾਂ ਕਾਰਨ ਨਿੱਜੀ ਹੈਸੀਅਤ ਵਿੱਚ ਉਹ ਸ਼ਾਮਲ ਹੋਣ ਲਈ ਗਏ ਸਨ।  ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਕੇ ਨਸ਼ਿਆਂ ਦੀ ਸਮੱਸਿਆ ‘ਤੇ ਵਿਚਾਰ-ਵਟਾਂਦਰਾ ਕਰਨ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਾਂਝੀ ਰਣਨੀਤੀ ਤਿਆਰ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਐਮ.ਐਲ. ਖੱਟਰ ਨੇ ਬੀਤੇ ਦਿਨ ਉਹਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ ਜਿਹਨਾਂ ਨੂੰ ਉਹਨਾਂ ਨੇ ਪ੍ਰਵਾਨ ਕਰ ਲਿਆ ਹੈ।
ਨਸ਼ਿਆਂ ਦੀ ਲਾਹਨਤ ਨਾਲ ਨਜਿੱਠਣ ਲਈ ਸਾਰੇ ਸੂਬਿਆਂ ਵੱਲੋਂ ਸਾਂਝੇ ਯਤਨਾਂ ਵਿੱਢਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਖੁਦ ਇਸ ਪ੍ਰਕ੍ਰਿਆ ਨੂੰ ਸ਼ੁਰੂ ਕਰਨ ਲਈ ਕੁਝ ਹਫ਼ਤੇ ਪਹਿਲਾਂ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਈ ਵੀ ਸੂਬਾ ਨਸ਼ਿਆਂ ਦੇ ਮੁੱਦੇ ਨੂੰ ਅੱਖੋ-ਪਰੋਖੇ ਨਹੀਂ ਕਰ ਸਕਦਾ ਕਿਉਂ ਜੋ ਇਹ ਸਮੱਸਿਆ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਬਹੁਤ ਘਾਤਕ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਪੰਜਾਬ ਸਰਕਾਰ ਆਪਣੇ ਪੱਧਰ ‘ਤੇ ਇਸ ਲਾਹਨਤ ਨੂੰ ਜੜੋਂ ਪੁੱਟਣ ਲਈ ਠੋਸ ਕਦਮ ਚੁੱਕ ਰਹੀ ਹੈ ਪਰ ਨਸ਼ਿਆਂ ਦੀ ਅੰਤਰਰਾਜੀ ਤਸਕਰੀ ਦੇ ਮੱਦੇਨਜ਼ਰ ਗੁਆਂਢੀ ਸੂਬਿਆਂ ਦੇ ਸਹਿਯੋਗ ਦੀ ਵੀ ਲੋੜ ਹੈ ਕਿਉਂ ਜੋ ਪਿਛਲੇ ਕੁਝ ਹਫਤਿਆਂ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ।  ਇਸ ਦੌਰਾਨ ਟ੍ਰਾਈਸਿਟੀ ਫੋਟੋ ਆਰਟ ਸੁਸਾਇਟੀ ਵੱਲੋਂ ਲਾਈ ਸਾਲਾਨਾ ਫੋਟੋ ਪ੍ਰਦਰਸ਼ਨੀ ‘ਦ੍ਰਿਸ਼ਟੀ-2018’ ਵਿੱਚ ਆਪਣੀਆਂ ਫੋਟੋਆਂ ਦੀ ਪ੍ਰਦਰਸ਼ਨੀ ਕਰਨ ਵਾਲੇ ਫੋਟੋਗ੍ਰਾਫਰਾਂ ਨੂੰ ਮੁੱਖ ਮੰਤਰੀ ਨੇ ਵਧਾਈ ਦਿੱਤੀ। ਉਹਨਾਂ ਨੇ ਨੌਜਵਾਨ ਫੋਟੋਗ੍ਰਾਫਰਾਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਜਿਹਨਾਂ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਮਿਸਾਲੀ ਕਾਰਜਾਂ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਸੁਸਾਇਟੀ ਲਈ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।

LEAVE A REPLY

Please enter your comment!
Please enter your name here