ਜੁਵੇਨਾਇਲ ਹੋਮ ਦੇ ਬੱਚੇ ਪਿਛੋਕੜ ਭੁੱਲ ਕੇ ਭਵਿੱਖ ਸੰਵਾਰਨ ਵੱਲ ਦੇਣ ਧਿਆਨ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ।  ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਦਾ ਦੌਰਾ ਕਰਕੇ ਜੁਵੇਨਾਇਲ ਹੋਮ, ਚਿਲਡਰਨ ਹੋਮ ਅਤੇ ਓਲਡ ਏਜ਼ ਹੋਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਥੇ ਰਹਿ ਰਹੇ ਬੱਚਿਆਂ ਤੇ ਬਜ਼ੁਰਗਾਂ ਦੀ ਸਹੂਲਤ ਲਈ ਕੋਈ ਕਮੀ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਦਿੱਤੇ ਜਾ ਰਹੇ ਖਾਣੇ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਖਾਣੇ ਦੀ ਪੌਸ਼ਟਿਕਤਾ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਅਤੇ ਖਾਣਾ ਬਣਾਉਣ ਦੌਰਾਨ ਸਫ਼ਾਈ ਵਿਵਸਥਾ ਬਰਕਰਾਰ ਰੱਖਣੀ ਵੀ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਫ਼-ਸੁਥਰਾ ਅਤੇ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਵਚਨਬੱਧ ਹੈ, ਇਸ ਲਈ ਖਾਣੇ ਦੀ ਕੁਆਲਟੀ ਨਾਲ ਕਿਸੇ ਵੀ ਤਰਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬੱਚਿਆਂ ਦੀ ਸਰੀਰਕ ਤੰਦਰੁਸਤੀ ਲਈ ਵਾਲੀਬਾਲ, ਕ੍ਰਿਕਟ ਅਤੇ ਬੈਡਮਿੰਟਨ ਗਰਾਉਂਡ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਉਹ ਆਪਣੀ ਸਿਹਤ ਨੂੰ ਸਿਹਤਮੰਦ ਅਤੇ ਨਰੋਈ ਰੱਖ ਸਕਣ। 

Advertisements

– ਜੁਵੇਨਾਇਲ ਹੋਮ, ਚਿਲਡਰਨ ਹੋਮ ਅਤੇ ਓਲਡ ਏਜ਼ ਹੋਮ ਦਾ ਕੀਤਾ ਦੌਰਾ


ਡਿਪਟੀ ਕਮਿਸ਼ਨਰ ਨੇ ਸਭ ਤੋਂ ਪਹਿਲਾਂ ਜੁਵੇਨਾਇਲ ਹੋਮ ਦਾ ਦੌਰਾ ਕਰਕੇ ਆਬਜ਼ਰਵੇਸ਼ਨ ਹੋਮ ਅਤੇ ਸਪੈਸ਼ਲ ਹੋਮ ਵਿੱਚ ਰਹਿ ਰਹੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ  ਨੂੰ ਪਿਛੋਕੜ ਭੁੱਲ ਕੇ ਭਵਿੱਖ ਸੰਵਾਰਨ ਵੱਲ ਧਿਆਨ ਦੇਣ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਬੇਸ਼ੱਕ ਉਹ ਕਿਸੇ ਗਲਤੀ ਕਾਰਨ ਇਥੇ ਪਹੁੰਚੇ ਹਨ, ਪਰ ਹੁਣ ਇਥੋਂ ਨੇਕ ਇਨਸਾਨ ਬਣ ਕੇ ਹੀ ਸਮਾਜ ਵਿੱਚ ਵਿਚਰਨ। ਉਹਨਾਂ ਦੱਸਿਆ ਕਿ ਆਬਜ਼ਰਵੇਸ਼ਨ ਹੋਮ ਵਿੱਚ 70 ਅਤੇ ਸਪੈਸ਼ਲ ਹੋਮ ਵਿੱਚ 46 ਬੱਚੇ ਰਹਿ ਰਹੇ ਹਨ। ਉਹਨਾਂ ਕਿਹਾ ਕਿ ਬੱਚਿਆਂ ਨੂੰ ਅੱਗੇ ਵਧਾਉਣ ਲਈ ਸਰਵ ਸਿੱਖਿਆ ਅਭਿਆਨ ਤਹਿਤ ਅਧਿਆਪਕ ਵਲੋਂ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ, ਜਦਕਿ ਬੇਸਿਕ ਕੰਪਿਊਟਰ ਦੀ ਸਿਖਲਾਈ ਤੋਂ ਇਲਾਵਾ ਪਲੰਬਰ ਆਦਿ ਦਾ ਕੰਮ ਵੀ ਸਿਖਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਇਥੇ ਸਥਾਪਿਤ ਕੀਤੇ ਗਏ ਕੰਪਿਊਟਰ ਸੈਂਟਰ ਦਾ ਬੱਚੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।

-ਕਿਹਾ, ਸਹੂਲਤਾਂ ਪੱਖੋਂ ਨਹੀਂ ਛੱਡੀ ਜਾਵੇਗੀ ਕੋਈ ਕਮੀ

ਇਸ ਉਪਰੰਤ ਸ੍ਰੀਮਤੀ ਈਸ਼ਾ ਕਾਲੀਆ ਨੇ ਚਿਲਡਰਨ ਹੋਮ ਅਤੇ ਓਲਡ ਏਜ਼ ਹੋਮ ਦਾ ਜਾਇਜ਼ਾ ਵੀ ਲਿਆ। ਉਹਨਾਂ ਦੱਸਿਆ ਕਿ ਚਿਲਡਰਨ ਹੋਮ ਵਿੱਚ 26  ਅਨਾਥ ਬੱਚੇ ਰਹਿ ਰਹੇ ਹਨ ਅਤੇ ਇਹ ਬੱਚੇ ਇਕ ਸਰਕਾਰੀ ਸਕੂਲ ਵਿੱਚੋਂ ਸਿੱਖਿਆ ਵੀ ਪ੍ਰਦਾਨ ਕਰ ਰਹੇ ਹਨ। ਓਲਡ ਏਜ਼ ਹੋਮ ਦਾ ਦੌਰਾ ਕਰਦਿਆਂ ਉਹਨਾਂ ਕਿਹਾ ਕਿ ਇਥੇ 28 ਬਜ਼ੁਰਗ ਰਹਿ ਰਹੇ ਹਨ। ਉਹਨਾਂ ਬਜ਼ੁਰਗਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਸਹੂਲਤਾਂ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ, ਜਦਕਿ ਚਿਲਡਰਨ ਹੋਮ ਵਿੱਚ ਰਹਿ ਰਹੇ ਅਨਾਥ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ। ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਮਾਪਿਆਂ ਦੀ ਸੇਵਾ ਭਾਵਨਾ ਨਾਲ ਸੇਵਾ ਕਰਨ, ਤਾਂ ਜੋ ਬਿਰਧ ਆਸ਼ਰਮ ਬਣਾਉਣ ਦੀ ਲੋੜ ਨਾ ਪਵੇ। 

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੁਵੇਨਾਇਲ ਹੋਮ ਅਤੇ ਚਿਲਡਰਨ ਹੋਮ ਦੇ ਬੱਚਿਆਂ ਤੋਂ ਇਲਾਵਾ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਲਈ ਵਿਸ਼ੇਸ਼ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਥੇ ਤਾਇਨਾਤ ਡਾਕਟਰ ਰਜਿੰਦਰ ਪਾਲ ਰੋਜ਼ੀ ਵਲੋਂ ਸਮੇਂ-ਸਮੇਂ ‘ਤੇ ਚੈਕਅੱਪ ਕੀਤਾ ਜਾ ਰਿਹਾ ਹੈ, ਤਾਂ ਜੋ ਸਿਹਤ ਸਹੂਲਤਾਂ ਸੁਚਾਰੂ ਢੰਗ ਨਾਲ ਪ੍ਰਦਾਨ ਕੀਤੀਆਂ ਜਾ ਸਕਣ। ਉਹਨਾਂ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਦੇ ਮਨੋਰੰਜਨ ਲਈ ਟੀ.ਵੀ. ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਮੌਕੇ ਬੱਚਿਆਂ ਦੀ ਮੰਗ ‘ਤੇ  ਉਹਨਾਂ ਇਥੇ ਭੰਗੜਾ ਸਿਖਾਉਣ ਲਈ ਵੀ ਸਬੰਧਤ ਵਿਭਾਗ ਨੂੰ ਤੁਰੰਤ ਪ੍ਰਬੰਧ ਕਰਨ ਲਈ ਕਿਹਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਆਈ.ਏ.ਐਸ. (ਅੰਡਰ ਟਰੇਨਿੰਗ) ਗੌਤਮ ਜੈਨ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਜ਼ਿਲਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। 

LEAVE A REPLY

Please enter your comment!
Please enter your name here