ਕਿਸਾਨਾਂ ਨੂੰ 7500 ਕੁਇੰਟਲ ਕਣਕ ਦਾ ਤਸਦੀਕਸ਼ੁਦਾ ਬੀਜ ਸਬਸਿਡੀ ‘ਤੇ ਦਿੱਤਾ ਜਾਵੇਗਾ : ਡਿਪਟੀ ਕਮਿਸ਼ਨਰ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਕੌਮੀ ਅੰਨ ਸੁਰੱਖਿਆ ਮਿਸ਼ਨ ਈਸ਼ਾ ਕਾਲੀਆ ਨੇ ਦੱਸਿਆ ਕਿ ਹਾੜੀ 2018-19 ਦੌਰਾਨ ਕੌਮੀ ਅੰਨ ਸੁਰੱਖਿਆ ਮਿਸ਼ਨ (ਕਣਕ) ਸਕੀਮ ਅਧੀਨ ਕਿਸਾਨਾਂ ਨੂੰ ਕਣਕ ਦੇ ਤਸਦੀਕਸ਼ੁਦਾ ਬੀਜ ‘ਤੇ ਸਬਸਿਡੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹ ਸਬਸਿਡੀ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਿੱਧੀ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਜਮਾਂ ਕਰਵਾਈ ਜਾਵੇਗੀ।

Advertisements

ਉਹਨਾਂ ਦੱਸਿਆ ਕਿ ਜ਼ਿਲੇ ਵਿੱਚ 7500 ਕੁਇੰਟਲ ਕਣਕ ਦਾ ਤਸਦੀਕਸ਼ੁਦਾ ਬੀਜ ਸਬਸਿਡੀ ‘ਤੇ ਦਿੱਤਾ ਜਾ ਰਿਹਾ ਹੈ, ਜਿਸ ਦੀ ਕੁੱਲ ਸਬਸਿਡੀ ਦੀ ਰਕਮ 75 ਲੱਖ ਰੁਪਏ ਬਣਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਬਸਿਡੀ ਪਹਿਲ ਦੇ ਆਧਾਰ ‘ਤੇ ਢਾਈ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਦੇਣ ਉਪਰੰਤ ਢਾਈ ਤੋਂ 5 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਕਿਸਾਨ ਕਣਕ ਦਾ ਤਸਦੀਕਸ਼ੁਦਾ ਬੀਜ ਕੇਵਲ ਸਰਕਾਰੀ ਅਦਾਰਿਆਂ ਨੈਸ਼ਨਲ ਸੀਡ ਕਾਰਪੋਰੇਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਸਟੇਟ ਸੀਡਜ ਕਾਰਪੋਰੇਸ਼ਨ (ਪਨਸੀਡ), ਭਾਰਤੀ ਫਾਰਮ ਜੰਗਲਾਤ ਵਿਕਾਸ ਕਾਰਪੋਰੇਸ਼ਨ, ਇਫਕੋ, ਕ੍ਰਿਭਕੋ, ਹਿੰਦੁਸਤਾਨ ਇਨਸੈਕਟੀਸਾਈਡ ਲਿਮ: (ਭਾਰਤ ਸਰਕਾਰ ਦਾ ਆਦਾਰਾ) ਪਾਸੋਂ ਹੀ ਖਰੀਦ ਸਕੇਗਾ। ਉਹਨਾਂ ਦੱਸਿਆ ਕਿ ਜਿਹੜੇ ਕਿਸਾਨ ਕਣਕ ਦੇ ਬੀਜ ‘ਤੇ ਉਪਦਾਨ ਦੀ ਰਾਸ਼ੀ ਲੈਣਾ ਚਾਹੁੰਦੇ ਹਨ, ਉਹ ਕਿਸਾਨ ਆਪਣੀ ਅਰਜ਼ੀ ਨਿਰਧਾਰਤ ਪ੍ਰਫਾਰਮੇ ਵਿੱਚ ਆਪਣੇ ਪਿੰਡ ਦੇ ਨੰਬਰਦਾਰ ਜਾਂ ਸਰਪੰਚ ਜਾਂ ਐਮ.ਸੀ. ਤੋਂ ਤਸਦੀਕ ਕਰਵਾ ਕੇ ਆਪਣੇ ਨਾਲ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ/ਫੋਕਲ ਪੁਆਇੰਟ ਦੇ ਦਫ਼ਤਰ ਵਿੱਚ 25 ਅਕਤੂਬਰ 2018 ਤੱਕ ਜਮਾਂ ਕਰਵਾ ਸਕਦੇ ਹਨ।

ਸਰਕਾਰ ਦੁਆਰਾ ਨਿਰਧਾਰਤ ਕੀਤਾ ਅਰਜ਼ੀ ਫਾਰਮ www.agripb.gov.in ਵੈਬਸਾਈਟ ‘ਤੇ ਉਪਲਬੱਧ ਹੈ। ਈਸ਼ਾ ਕਾਲੀਆ ਨੇ ਦੱਸਿਆ ਕਿ ਕਣਕ ਦੀਆਂ ਤਸਦੀਕਸ਼ਦਾ ਕਿਸਮਾਂ ਪੀ.ਬੀ. ਡਬਲਯੂ. 725, ਪੀ.ਬੀ. ਡਬਲਯੂ. 677, ਪੀ.ਬੀ. ਡਬਲਯੂ. 621, ਪੀ.ਬੀ. ਡਬਲਯੂ. 502, ਪੀ.ਬੀ.ਡਬਲਯੂ, 658 (ਪਿਛੇਤੀ), ਪੀ.ਬੀ. ਡਬਲਯੂ. 590 (ਪਿਛੇਤੀ), ਪੀ.ਬੀ. ਡਬਲਯੂ. 644 (ਬਰਾਨੀ), ਪੀ.ਬੀ.ਡਬਲਯੂ. 550, ਪੀ.ਬੀ. ਡਬਲਯੂ. 660 (ਬਰਾਨੀ), ਐਚ.ਡੀ. 3086, ਐਚ.ਡੀ. 2967, ਡਬਲਯੂ.ਐਚ. 1105, ਡੀ.ਬੀ. ਡਬਲਯੂ. 17, ਡਬਲਯੂ.ਐਚ.ਡੀ. 943, ਉਨੱਤ ਪੀ.ਬੀ. ਡਬਲਯੂ. 343 ਦਾ ਬੀਜ ਹੀ ਕਿਸਾਨ ਖਰੀਦ ਕਰ ਸਕਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੇਰੇ ਅਰਜ਼ੀਆਂ ਪ੍ਰਾਪਤ ਹੋਣ ਦੀ ਸੂਰਤ ਵਿੱਚ ਕਿਸਾਨਾਂ ਦੀ ਚੋਣ ਲਾਟਰੀ ਡਰਾਅ ਰਾਹੀਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਯੋਗ ਪਾਈਆਂ ਗਈਆਂ ਅਰਜ਼ੀਆਂ ਵਾਲੇ ਕਿਸਾਨਾਂ ਨੂੰ 29 ਅਕਤੂਬਰ ਤੋਂ ਪਰਮਿਟ ਜਾਰੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕਿਸਾਨ ਬੀਜ ਦੀ ਖਰੀਦ ਕਰਨ ਸਮੇਂ ਬੀਜ ਵਿਕਰੇਤਾ ਪਾਸੋਂ ਬਿੱਲ ਦੀਆਂ ਦੋ ਪਰਤਾਂ ਪ੍ਰਾਪਤ ਕਰਨ। ਇਕ ਪਰਤ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਵਿੱਚ 10 ਦਿਨਾਂ ਦੇ ਅੰਦਰ ਜਮਾਂ ਕਰਵਾਉਣ। ਸਕੀਮ ਦੀਆਂ ਸ਼ਰਤਾਂ ਅਨੁਸਾਰ ਐਸ.ਸੀ. ਕੈਟਾਗਰੀ ਦੇ ਕਿਸਾਨਾਂ ਲਈ ਸਬਸਿਡੀ ‘ਤੇ ਬੀਜ ਰਾਖਵਾਂ ਹੋਵੇਗਾ। ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਨੇੜੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਫ਼ਤਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਜਾਂ ਟੈਲੀਫੋਨ ਨੰ: 01882-222102 ‘ਤੇ ਵੀ ਸੰਪਰਕ ਕਰ ਸਕਦੇ ਹਨ। 

LEAVE A REPLY

Please enter your comment!
Please enter your name here