ਡੇਅਰੀ ਉਦਮ ਸਿਖਲਾਈ ਕੋਰਸ ਲਈ ਕੌਂਸਲਿੰਗ 1 ਨਵੰਬਰ ਤੋਂ ਸ਼ੁਰੂ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ:ਮੁਕਤਾ ਵਾਲਿਆ। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਪਿੰਡ ਭਟਰਾਣਾ ਵਿਖੇ ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੈਂਪ ਲਗਾਇਆ ਗਿਆ, ਜਿਸ ਵਿੱਚ ਰਿਸੋਰਸ ਪਰਸਨ ਡਾ. ਕੁਲਭੂਸ਼ਨ ਗਿਲਹੋਤਰਾ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਡੇਅਰੀ ਫਾਰਮ ਦਾ ਧੰਦਾ ਇਕ ਲਾਹੇਵੰਦ ਸਹਾਇਕ ਧੰਦਾ ਹੈ।
ਉਹਨਾਂ ਕਿਹਾ ਕਿ ਡੇਅਰੀ ਵਿਕਾਸ ਵਿਭਾਗ ਵਲੋਂ ਜਿਥੇ ਪਸ਼ੂ ਰੱਖਣ ਲਈ ਕਰਜ਼ਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਪਸ਼ੂ ਪਾਲਕਾਂ ਨੂੰ ਸਬਸਿਡੀ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਟਰੇਨਿੰਗ ਪ੍ਰਾਪਤ ਕਰਨ ਲਈ ਕੋਈ ਵੀ ਵਿਅਕਤੀ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਕਿਹਾ ਕਿ ਇਹ ਟਰੇਨਿੰਗ ਵਿਭਾਗ ਵਲੋਂ ਮੁਫ਼ਤ ਦਿੱਤੀ ਜਾ ਰਹੀ ਹੈ, ਇਸ ਲਈ ਇਸ ਟਰੇਨਿੰਗ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਡਿਪਟੀ ਡਾਇਰੈਕਟਰ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 4 ਹਫਤੇ ਡੇਅਰੀ ਉਦਮ ਸਿਖਲਾਈ ਕੋਰਸ ਲਈ ਕੌਂਸਲਿੰਗ 1 ਨਵੰਬਰ ਨੂੰ ਡੇਅਰੀ ਸਿਖਲਾਈ ਕੇਂਦਰ ਫਗਵਾੜਾ ਵਿਖੇ ਸਵੇਰੇ 10 ਵਜੇ ਕੀਤੀ ਜਾ ਰਹੀ ਹੈ।
ਇਸ ਵਿਸ਼ੇਸ਼ ਡੇਅਰੀ ਉਦਮ ਸਿਖਲਾਈ ਕੋਰਸ ਲਈ ਜ਼ਿਲਾ ਹੁਸ਼ਿਆਰਪੁਰ ਦੇ ਚਾਹਵਾਨ ਉਮੀਦਵਾਰ ਘੱਟੋ-ਘੱਟ ਦਸਵੀਂ ਪਾਸ ਹੋਵੇ ਅਤੇ ਉਮਰ 18 ਸਾਲ ਤੋਂ 45 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਹ ਪੇਂਡੂ ਖੇਤਰ ਨਾਲ ਸਬੰਧਿਤ ਹੋਵੇ ਅਤੇ ਉਸ ਨੇ ਪਹਿਲਾਂ ਘੱਟੋ-ਘੱਟ 5 ਦੁਧਾਰੂ ਪਸ਼ੂ ਰੱਖੇ ਹੋਣੇ ਚਾਹੀਦੇ ਹਨ। ਉਹਨਾਂ ਦੱਸਿਆ ਕਿ ਸਿਖਲਾਈ ਕੋਰਸ ਵਿੱਚ ਡੇਅਰੀ ਫਾਰਮਿੰਗ, ਮਨਸੂਈ ਗਰਭਦਾਨ, ਮੁਢਲੀ ਸਹਾਇਤਾ, ਪਸ਼ੂਆਂ ਦੀ ਖੁਰਾਕ, ਦੁੱਧ ਪ੍ਰਬੰਧਨ, ਹਰੇ ਚਾਰੇ ਦਾ ਅਚਾਰ,  ਸਾਫ ਦੁੱਧ ਦੀ ਪੈਦਾਵਾਰ, ਮਾਰਡਨ ਕੈਟਲ ਸ਼ੈਡ, ਦੁੱਧ ਪਦਾਰਥ ਬਨਾਉਣ ਆਦਿ ਦੀ ਪ੍ਰੈਕਟੀਕਲ ਟਰੇਨਿੰਗ ਦਿੱਤੀ ਜਾਵੇਗੀ।
ਚਾਹਵਾਨ ਉਮੀਦਵਾਰ 100 ਰੁਪਏ ਦਾ ਪ੍ਰਾਸਪੈਕਟ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਕਮਰਾ ਨੰਬਰ 439 ਚੌਥੀ ਮੰਜ਼ਿਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਪ੍ਰਾਪਤ ਕਰਕੇ ਮੁਕੰਮਲ ਕਰਨ ਤੋਂ ਬਾਅਦ ਇਸ ਕੌਂਸਲਿੰਗ ਵਿੱਚ ਭਾਗ ਲੈ ਸਕਦੇ ਹਨ।

LEAVE A REPLY

Please enter your comment!
Please enter your name here