ਯੰਗ ਖਾਲਸਾ ਗਰੁੱਪ ਨੇ ਬੀਬੀ ਖਾਲੜਾ ਦੀ ਕੀਤੀ ਹਿਮਾਇਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਯੰਗ ਖਾਲਸਾ ਗਰੁੱਪ ਹੁਸ਼ਿਆਰਪੁਰ ਦੇ ਇੰਜ. ਜਗਜੀਤ ਸਿੰਘ ਖਾਲਸਾ ਨੇ ਬੀਬੀ ਖਾਲੜਾ ਦੇ ਚੋਣ ਪ੍ਰਚਾਰ ਤੋਂ ਵਾਪਸ ਪਰਤ ਕੇ ਹੁਸ਼ਿਆਰਪੁਰ ਵਿਖੇ ਪ੍ਰੈਸ ਵਾਰਤਾ ਦੌਰਾਨ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਸੰਘਰਸ਼ ਦੇ ਕਾਲੇ ਦੌਰ ਵਿੱਚ ਮਹਾਨ ਸੂਰਮੇ ਭਾਈ ਜਸਵੰਤ ਸਿੰਘ ਖਾਲੜਾ ਦੀ ਪੰਥਕ ਸੇਵਾਵਾਂ ਵਿੱਚ ਪਾਏ ਗਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਨੇ ਆਪਣਾ ਆਪ ਨਿਛਾਵਰ ਕਰਕੇ ਆਪਣੀ ਪੰਥਕ ਸੋਚ ਨੂੰ ਬੁਲੰਦੀਆਂ ‘ਤੇ ਪੁਚਾਇਆ ਇਸ ਲਈ ਸਾਡਾ ਇਹ ਕੌਮੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਪਰਿਵਾਰ ਦੀ ਸੇਵਾ ਸੰਭਾਲ ਕਰੀਏ।

Advertisements

ਸਰਦਾਰ ਖਾਲੜਾ ਵੱਲੋਂ ਕੌਮੀ ਅਣਖ ਪ੍ਰਚੰਡ ਕਰਨ ਅਤੇ ਜ਼ਾਲਮਾਂ ਦੀਆਂ ਕਰਤੂਤਾਂ ਨੂੰ ਵਿਸ਼ਵ ਭਰ ਵਿੱਚ ਨਸ਼ਰ ਕਰਨ ਲਈ ਆਰੰਭੀ ਲਹਿਰ ਨੂੰ ਅੱਗੇ ਤੋਰਨ ਲਈ ਇਹ ਬੇਹੱਦ ਜਰੂਰੀ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਸੰਸਦ ਵਿੱਚ ਭੇਜਿਆ ਜਾਵੇ। ਇਸ ਮੌਕੇ ਉਹਨਾਂ ਦੱਸਿਆ ਕਿ ਬੀਬੀ ਖਾਲੜਾ ਦੇ ਹੱਕ ਵਿੱਚ ਪੰਜਾਬ ਭਰ ਤੋਂ ਪੰਥ ਹਿਤੈਸ਼ੀ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਪੰਥ ਦੇ ਨਾਮ ‘ਤੇ ਘਿਨਾਉਣੀ ਸਿਆਸਤ ਕਰਨ ਵਾਲੀਆਂ ਧਿਰਾਂ ਤੋਂ ਸੁਚੇਤ ਕੀਤਾ ਜਾ ਰਿਹਾ ਹੈ। ਜਿਹਨਾਂ ਨੂੰ ਵੋਟਰਾਂ ਵੱਲੋਂ ਭਰਵਾਂ ਗੁੰਘਾਰਾ ਦਿੱਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਅਸਲ ਵਿੱਚ ਪੰਥ ਹਿਤੈਸ਼ੀ ਤਾਂ ਜਸਵੰਤ ਸਿੰਘ ਕਾਲੜਾ ਖੁਦ ਸਨ, ਜਿਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਹਾਕਮਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਦੁਨੀਆ ਸਾਹਮਣੇ ਨਸ਼ਰ ਕੀਤਾ ਅਤੇ ਇਸ ਦੌਰਾਨ ਆਪਣੀ ਸ਼ਹਾਦਤ ਦੇ ਦਿੱਤੀ। ਇਸ ਮੌਕੇ ਅਨਮੋਲਮੀਤ ਸਿੰਘ, ਅੰਮ੍ਰਿਤਰਾਏ ਸਿੰਘ ਸਤੌਰ, ਸਰਬਜੀਤ ਸਿੰਘ ਧੂਤ, ਬੁੱਦ ਸਿੰਘ, ਗਗਨਦੀਪ ਸਿੰਘ, ਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਿਰ ਸਨ।

LEAVE A REPLY

Please enter your comment!
Please enter your name here