ਕੋਤਾਹੀ ਸਾਹਮਣੇ ਆਉਣ ਤੇ ਹਲਕਾ ਹੁਸ਼ਿਆਰਪੁਰ ਦੇ ਬੂਥ ਨੰਬਰ 102 ਤੋਂ ਬਦਲੇ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਪੁਲਿਸ ਪਾਰਟੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਲੋਕ ਸਭਾ ਚੋਣਾਂ ਲਈ ਚੱਲ ਰਹੀ ਮੱਤਦਾਨ ਪ੍ਰਕ੍ਰਿਆ ਦੌਰਾਨ ਵੋਟ ਪਾਉਣ ਸਮੇਂ ਮੋਬਾਇਲ ਤੋਂ ਬਣਾਈ ਵੀਡੀਓ ਵਾਇਰਲ ਹੋਣ ‘ਤੇ ਸਬੰਧਤ ਬੂਥ ਦੀ ਮੌਕੇ ‘ਤੇ ਜਾ ਕੇ ਪੜਤਾਲ ਉਪਰੰਤ ਕਾਰਵਾਈ ਕਰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਰਿਟਰਨਿੰਗ ਅਫ਼ਸਰ ਈਸ਼ਾ ਕਾਲੀਆ ਵਲੋਂ ਬੂਥ ਦੇ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਪੁਲਿਸ ਪਾਰਟੀ ਨੂੰ ਬਦਲ ਦਿੱਤਾ ਗਿਆ ਹੈ। ਈਸ਼ਾ ਕਾਲੀਆ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਪੋਲਿੰਗ ਬੂਥ ‘ਤੇ ਮੋਬਾਇਲ ਲਿਜਾਣ ‘ਤੇ ਰੋਕ ਲਗਾਈ ਗਈ ਹੈ, ਪਰ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਅਧੀਨ ਵੋਟ ਪਾਉਣ ਸਮੇਂ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

Advertisements

ਉਹਨਾਂ ਦੱਸਿਆ ਕਿ ਵਾਇਰਲ ਹੋਈ ਇਸ ਵੀਡੀਓ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਵੀਡੀਓ 043-ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਟਾਊਨ ਹਾਲ (ਪੁਰਾਣਾ ਕਮੇਟੀ ਦਫ਼ਤਰ) ਦੇ ਬੂਥ ਨੰਬਰ 102 ਦੀ ਹੈ। ਉਹਨਾਂ ਦੱਸਿਆ ਕਿ ਬੂਥ ਦਾ ਦੌਰਾ ਕਰਕੇ ਜਾਂਚ ਕੀਤੀ ਗਈ ਅਤੇ ਕੋਤਾਹੀ ਸਾਹਮਣੇ ਆਉਣ ‘ਤੇ ਤੁਰੰਤ ਪ੍ਰੀਜ਼ਾਈਡਿੰਗ ਅਫ਼ਸਰ ਨੂੰ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਸ.ਐਸ.ਪੀ. ਹੁਸ਼ਿਆਰਪੁਰ ਰਾਹੀਂ ਬੂਥ ‘ਤੇ ਤਾਇਨਾਤ ਪੁਲਿਸ ਪਾਰਟੀ ਨੂੰ ਵੀ ਤੁਰੰਤ ਬਦਲ ਦਿੱਤਾ ਗਿਆ ਹੈ। ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਪੋਲਿੰਗ ਸਟੇਸ਼ਨ ਦੇ ਅੰਦਰ ਪ੍ਰੀਜ਼ਾਈਡਿੰਗ ਅਫ਼ਸਰ ਤੋਂ ਇਲਾਵਾ ਹੋਰ ਕਿਸੇ ਦੇ ਵੀ ਮੋਬਾਇਲ ਫੋਨ ਲਿਜਾਣ ‘ਤੇ ਰੋਕ ਲਗਾਈ ਹੋਈ ਹੈ।

ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਪ੍ਰੀਜ਼ਾਈਡਿੰਗ ਅਫ਼ਸਰਾਂ ਸਮੇਤ ਚੋਣ ਅਮਲੇ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਵੀਡੀਓ ਵਾਇਰਲ ਹੋਣ ‘ਤੇ ਤੁਰੰਤ ਸਬੰਧਤ ਅਮਲੇ ਖਿਲਾਫ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣਾਂ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾਣਗੀਆਂ ਅਤੇ ਇਸ ਸਬੰਧੀ ਕਿਸੇ ਵੀ ਤਰਾਂ ਦੀ ਕੋਤਾਹੀ ਸਹਿਣ ਨਹੀਂ ਕੀਤੀ ਜਾਵੇਗੀ। 

LEAVE A REPLY

Please enter your comment!
Please enter your name here