ਬਹਾਰ ਰੁੱਤ ਦੀ ਮੱਕੀ ਦੀ ਫਸਲ ਦੀ ਬਿਜਾਈ ਸਮੇਂ ਡਾਇਆ ਖਾਦ ਨਾ ਵਰਤੀ ਜਾਵੇ: ਡਾ. ਅਮਰੀਕ

ਪਠਾਨਕੋਟ (ਦ ਸਟੈਲਰ ਨਿਊਜ਼)। ਬੇਮੌਸਮੀ ਬਾਰਸ਼ਾਂ ਕਾਰਨ ਬਲਾਕ ਪਠਾਨਕੋਟ ਦੇ ਕੁਝ ਪਿੰਡਾਂ ਦੇ ਰਕਬੇ ਵਿੱਚ ਕਣਕ ਦੀ ਫਸਲ ਖਰਾਬ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਪੈ ਰਿਹਾ ਹੈ। ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਗਰਮੀ ਰੁੱਤ ਦੇ ਮਾਂਹ,ਮੂੰਗੀ,ਚਾਰੇ ਵਾਲੀ ਮੱਕੀ ਅਤੇ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਕਰਨ ਲਈ ਪ੍ਰੇਰਿਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਧੋਬੜਾ ਦੇ ਅਗਾਂਹਵਧੂ ਕਿਸਾਨ ਰਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਦੇ ਖੇਤਾਂ ਵਿੱਚ ਬਹਾਰ ਰੁੱਤ ਦੀ ਬਿਜਾਈ ਕਰਵਾ ਕੇ ਕਿਸਾਨਾਂ ਨੂੰ ਮੱਕੀ ਦੀ ਕਾਸਤ ਦੇ ਸੁਧਰੇ ਢੰਗ ਤਰੀਕਿਆਂ ਬਾਰੇ ਬਲਾਕ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਵੀ ਹਾਜ਼ਰ ਸਨ। ਮੌਕੇ ਤੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਕਰਕੇ ਪ੍ਰਦਰਸ਼ਤ ਵੀ ਕੀਤਾ ਗਿਆ।
ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਇਸ ਵਾਰ ਬੇਮੌਸਮੀ ਬਾਰਸ਼ਾਂ ਕਾਰਨ ਬਹੁਤ ਸਾਰੇ ਰਕਬੇ ਵਿੱਚ ਜਾਂ ਤਾਂ ਕਣਕ ਦੀ ਫਸਲ ਉੱਗੀ ਹੀ ਨਹੀ ਜਾਂ ਖਰਾਬ ਹੋ ਗਈ ਹੈ। ਉਹਨਾਂ ਕਿਹਾ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਖਰਾਬ ਹੋਈ ਕਣਕ ਦੀ ਫਸਲ ਵਾਲੇ ਖੇਤਾਂ ਵਿੱਚ ਗਰਮ ਰੁੱਤ ਦੀ ਮੁੰਗੀ, ਮਾਂਹ, ਪਸ਼ੂਆਂ ਲਈ ਚਾਰੇ ਵਾਲੀ ਮੱਕੀ ਜਾਂ ਮੱਕੀ ਦੀ ਫਸਲ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਨਾਂ ਫਸਲਾਂ ਤੋਂ ਵਧੇਰੇ ਪੈਦਾਵਾਰ ਲੈਣ ਲਈ ਸੁਧਰੀਆ ਕਾਸਤਕਾਰੀ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਦਾ ਢੁਕਵਾਂ ਸਮਾਂ ਫਰਵਰੀ ਦਾ ਪਹਿਲਾ ਪੰਦਰਵਾੜਾ ਹੈ ਅਤੇ ਜੇਕਰ ਬਿਜਾਈ ਲੇਟ ਹੋ ਜਾਵੇ ਤਾਂ ਵਧੇਰੇ ਤਾਪਮਾਨ ਨਾਲ ਪ੍ਰਾਗਕਣ ਸੁੱਕਣ ਨਾਲ ਦਾਣੇ ਬਨਣ ਦੀ ਪ੍ਰਕਿਰਿਆਂ ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਪੈਦਾਵਾਰ ਵੀ ਘੱਟ ਨਿਕਲਦੀ ਹੈ।ਉਨਾਂ ਕਿਹਾ ਕਿ ਮੱਕੀ ਦੀ ਬਿਜਾਈ ਪੂਰਬ-ਪੱਛਮ ਦਿਸ਼ਾ ਵਿੱਚ ਵੱਟਾਂ ਬਣਾ ਕੇ ਦੱਖਣ ਵਾਲੇ ਪਾਸੇ ਕਰਨੀ ਚਾਹੀਦੀ ਹੈ।

Advertisements

ਪਠਾਨਕੋਟ ਵਿੱਚ ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈ ਕਣਕ ਦੀ ਫਸਲ ਵਾਲੇ ਖੇਤਾਂ ਵਿੱਚ ਬਦਲਵੀਆਂ ਫਸਲਾਂ ਬੀਜਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਤੀ ਗਈ।

ਉਹਨਾਂ ਕਿਹਾ ਕਿ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਕੇਰੇ ਜਾਂ ਚੋਗ ਕੇ ਕਰਨੀ ਚਾਹੀਦੀ ਹੈ ਤਾਂ ਜੋ ਪ੍ਰਤੀ ਏਕੜ ਵਧੇਰੇ ਪੈਦਾਵਾਰ ਲਈ ਜਾ ਸਕੇ। ਉਹਨਾਂ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 500 ਤੋਂ 800 ਗ੍ਰਾਮ ਐਟਰਾਟਾਫ ਪ੍ਰਤੀ ਏਕੜ ਨਦੀਨਾਸ਼ਕ ਦਾ ਛਿੜਕਾਅ ਬਿਜਾਈ ਤੋਂ10 ਦਿਨਾਂ ਦੇ ਅੰਦਰ-ਅੰਦਰ ਕਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਹਾਰ ਦੀ ਮੱਕੀ ਦੀ ਬਿਜਾਈ ਸਮੇਂ ਡਾਇਆ ਖਾਦ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਕਣਕ ਦੀ ਫਸਲ ਨੂੰ ਪਾਈ ਡਾਇਆ ਖਾਦ ਖੇਤ ਵਿੱਚ ਹੀ ਮੌਜੂਦ ਹੈ।

ਉਹਨਾਂ ਕਿਹਾ ਕਿ ਗਰਮੀ ਰੁੱਤ ਦੇ ਮਾਹਾਂ ਦੀ ਕਾਸਤ ਲਈ ਪ੍ਰਤੀ ਏਕੜ 20 ਕਿਲੋ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ ਜਦ ਕਿ ਮੂੰੰਗੀ ਦੀ ਬਿਜਾਈ ਲਈ ਪ੍ਰਤੀ ਏਕੜ 12 ਤੋਂ 15 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਗਰਮੀ ਰੁੱਤ ਦੀ ਮੂੰਗੀ ਦੇ ਬੀਜ ਦੀਆਂ ਮਿੰਨੀ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ,ਚਾਹਵਾਨ ਕਿਸਾਨ ਖੇਤੀਬਾੜੀ ਦਫਤਰਾਂ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਕਿਹਾ ਕਿ ਜੋ ਵੀ ਕਿਸਾਨ ਬਹਾਰ ਰੁੱਤ ਦੀ ਮੱਕੀ ਜਾਂ ਗਰਮੀ ਰੁੱਤ ਦੇ ਮਾਂਹ/ਮੂੰਗੀ ਦੀ ਕਾਸਤ ਕਰਨਾ ਚਾਹੁੰਦਾ ਹੈ ਉਹ ਆਪਣੇ ਹਲਕੇ ਦੇ ਖੇਤੀਬਾੜੀ ਦਫਤਰ ਨਾਲ ਸੰਪਰਕ ਕਰੇ ਤਾਂ ਜੋ ਖੇਤੀਬਾੜੀ ਮਾਹਿਰਾਂ ਵੱਲੋਂ ਤਕਨੀਕੀ ਅਗਵਾਈ ਦਿੱਤੀ ਜਾ ਸਕੇ। ਗੁਰਦਿੱਤ ਸਿੰਘ ਨੇ ਕਿਹਾ ਕਿ ਸਲਾਬ ਵਾਲੇ ਇਲਾਕੇ ਵਿੱਚ ਗੰਨੇ ਦੀ ਕਾਸਤ ਕਰਨ ਨਾਲ ਵੀ ਨੁਕਸਾਨ ਘਟਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਗੰਨੇ ਦੀ ਫਸਲ ਦੀ ਬਿਜਾਈ ਦਾ ਹੁਣ ਬਹਾ ਹੀ ਢੁਕਵਾਂ ਸਮਾਂ ਹੈ।

LEAVE A REPLY

Please enter your comment!
Please enter your name here