ਕੋਰੋਨਾ ਭਿਆਨਕ ਬਿਮਾਰੀ ਦਾ ਸਭ ਤੋਂ ਵੱਡਾ ਇਲਾਜ ਸਾਵਧਾਨੀ : ਵਿਧਾਇਕ ਰੋੜੀ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਆਮ ਆਦਮੀ ਪਾਰਟੀ ਦੇ ਹਲਕਾ ਗੜਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਸਰਕਾਰੀ ਹਸਪਤਾਲ ਗੜਸ਼ੰਕਰ ਵਿਖੇ ਪਹੁੰਚ ਕੇ ਕਰੋਨਾ ਵਾਇਰਸ ਨਾਮਿਕ ਵਿਸ਼ਵ ਮਹਾਂਮਾਰੀ ਦੀ ਭਿਆਨਕ ਬਿਮਾਰੀ ਸਬੰਧੀ ਐਸ ਐਮ ਓ ਟੇਕ ਰਾਜ ਭਾਟੀਆ ਨਾਲ ਵਿਚਾਰ ਵਟਾਂਦਰਾ ਕਰਕੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਭਿਆਨਕ ਬਿਮਾਰੀ ਦਾ ਸਭ ਤੋਂ ਵੱਡਾ ਇਲਾਜ ਸਾਵਧਾਨੀ ਹੈ।

Advertisements

ਇਸ ਮੌਕੇ ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਫਵਾਹਾਂ ਤੋਂ ਬਚ ਕੇ ਆਪਣੇ ਹੱਥਾਂ ਨੂੰ ਸਾਬਣ ਨਾਲ ਕਰੀਬ ਅੱਧਾ ਮਿੰਟ ਮਲ ਕੇ ਪਾਣੀ ਨਾਲ ਚੰਗੀ ਤਰਾਂ ਸਾਫ ਕਰੋ। ਬਾਰ ਬਾਰ ਹੱਥ ਨੱਕ ਅੱਖ ਜਾਂ ਮੂੰਹ ਦੇ ਸੰਪਰਕ ਵਿੱਚ ਨਾ ਲਿਆਓ।ਲੋੜ ਪੈਣ ਉਤੇ ਮਾਸਕ ਤੇ ਸੈਨੇਟਾਈਜਰ ਦੀ ਵਰਤੋਂ ਕਰੋ। ਹੱਥ ਮਿਲਾਉਣ ਜਾਂ ਗਲੇ ਮਿਲਣ ਦੀ ਥਾਂ ਦੂਰੋਂ ਨਮਸਤੇ ਜਾਂ ਸਤਿਸ਼੍ਰੀ ਅਕਾਲ ਬੋਲੋ। ਬੁਖਾਰ ਖਾਂਸੀ ਛਿੱਕਾਂ ਆਉਣ ਉਤੇ ਤੁਰੰਤ ਆਪਣੇ-ਆਪ ਨੂੰ ਅਲੱਗ ਕਰੋ ਤੇ ਨੇੜੇ ਦੇ ਹਸਪਤਾਲ ਵਿੱਚ ਚੈੱਕ ਕਰਵਾਓ। ਵਿਦੇਸ਼ ਤੋਂ ਆਉਣ ਵਾਲੇ ਵਿਅਕਤੀ ਡਾਕਟਰੀ ਸਹਾਇਤਾ ਲੈ ਕੇ ਪੰਦਰਾਂ ਦਿਨਾਂ ਤੱਕ ਘਰ ਵਿਚ ਹੀ ਰਹਿਣ।

ਇਸ ਮੌਕੇ ਉਹਨਾਂ ਮੈਡੀਕਲ ਸਟੋਰਾਂ ਦੇ ਮਾਲਿਕਾਂ ਨੂੰ ਅਪੀਲ ਕੀਤੀ ਕਿ ਉਹ ਬਲੈਕ ਦੀ ਥਾਂ ਕੰਟਰੋਲ ਕੀਮਤਾਂ ਉਤੇ ਹੀ ਮਾਸਕ ਤੇ ਸੈਨੇਟਾਈਜਰ ਵੇਚਣ। ਇਸ ਮੌਕੇ ਐੱਸ.ਐਮ.ਓ ਟੇਕ ਰਾਜ ਭਾਟੀਆ ਨੇ ਕਿਹਾ ਕਿ ਹਸਪਤਾਲ ਵਿੱਚ ਕਰੋਨਾ ਵਾਇਰਸ ਪ੍ਰਭਾਵਿਤਾਂ ਦੇ ਇਲਾਜ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਡਰੋ ਨਾ। ਖਾਣ ਪੀਣ ਤੇ ਪਹਿਨਣ ਵਿੱਚ ਸੰਜਮ ਰੱਖੋ। ਇਸ ਮੌਕੇ ਇਹਨਾਂ ਨਾਲ ਚਰਨਜੀਤ ਚੰਨੀ, ਕ੍ਰਿਸ਼ਨ ਸਿੰਘ ਗੜਸ਼ੰਕਰ, ਨਰੇਸ਼ ਹਾਜੀਪੁਰ, ਬਲਵੀਰ ਬਿਲੜੋ, ਹਰਜਿੰਦਰ ਧੰਜਲ ਦੇਨੋਵਾਲ ਖੁਰਦ ਅਤੇ ਸਟਾਫ਼ ਮੈਬਰ ਹਾਜਰ ਸਨ।

LEAVE A REPLY

Please enter your comment!
Please enter your name here