ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਕੁੰਡੇ ਫਿਰੋਜਪੁਰ ਵਿੱਚ ਕਿਸਾਨਾਂ ਨੂੰ ਕੀਤਾ ਜਾਗਰੁਕ

ਪਠਾਨਕੋਟ (ਦ ਸਟੈਲਰ ਨਿਊਜ਼)। ਗੁਰਪ੍ਰੀਤ ਸਿੰਘ ਖਹਿਰਾ ਆਈ. ਏ. ਐਸ. ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਕੁੰਡੇ ਫਿਰੋਜਪੁਰ ਵਿੱਚ ਪੈਰਾਂ ਦੇ ਗਲਣ ਦੇ ਰੋਗ ਨਾਲ ਪ੍ਰਭਾਵਿਤ ਬਾਸਮਤੀ ਦੀ ਫਸਲ ਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਗੈਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ / ਉੱਲੀਨਾਸ਼ਕਾਂ ਦਾ ਛਿੜਕਾਅ ਨਾਂ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਤੋਂ ਵੀ ਜਾਣੂ ਕਰਵਾਇਆ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਸਾਡੀ ਵੀ ਸਾਰਿਆਂ ਦੀ ਜਿਮੇਦਾਰੀ ਬਣਦੀ ਹੈ ਕਿ ਅਸੀਂ ਮਿਸ਼ਨ ਫਤਿਹ ਪ੍ਰਤੀ ਲੋਕਾਂ ਨੂੰ ਜਾਗਰੁਕ ਕਰੀਏ। ਇਸ ਮੌਕੇ ਉਨਾਂ ਦੇ ਨਾਲ ਸੁਭਾਸ਼ ਚੰਦਰ, ਗੁਰਦਿੱਤ ਸਿੰਘ ਖੇਤੀ ਬਾੜੀ ਵਿਸਥਾਰ ਅਫਸਰ, ਬਲਵਿੰਦਰ ਕੁਮਾਰ ਸਹਾਇਕ ਤਕਨੀਕੀ ਮੈਨੇਜ਼ਰ ਹਾਜ਼ਰ ਸਨ ।

Advertisements

ਅਗਾਂਹਵਧੂ ਕਿਸਾਨ ਲਖਬੀਰ ਸਿੰਘ ਦੇ ਖੇਤਾਂ ਵਿੱਚ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਬਾਸਮਤੀ ਦੀ ਲਵਾਈ ਦਾ ਸਮਾਂ ਜੁਲਾਈ ਪਹਿਲਾ ਪੰਦਰਵਾੜਾ ਹੈ ਪਰ ਕਈ ਕਿਸਾਨਾਂ ਵੱਲੋਂ ਝੋਨੇ ਦੇ ਨਾਲ ਹੀ ਮਹੀਨਾ ਜੂਨ ਵਿੱਚ ਬਾਸਮਤੀ ਦੀ ਲਵਾਈ ਕਰ ਦਿੱਤੀ ਜਿਸ ਨਾਲ ਬਾਸਮਤੀ ਦੀ ਫਸਲ ਉੱਪਰ ਪੈਰਾਂ ਦੇ ਗਲਣ ਦੇ ਰੋਗ ਨੇ ਹਮਲਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਰੋਗ ਬੀਜ ਰਾਹੀਂ ਖੇਤ ਵਿੱਚ ਆਉਂਦਾ ਹੈ ਇਸ ਤੋਂ ਇਲਾਵਾ ਇਸ ਰੋਗ ਦੇ ਕਣ ਮਿੱਟੀ ਅਤੇ ਰਹਿੰਦ ਖੂੰਹਦ ਵਿੱਚ ਜਿਉਂਦੇ ਰਹਿ ਸਕਦੇ ਹਨ। ਉਨਾਂ ਕਿਹਾ ਕਿ ਇਸ ਰੋਗ ਨਾਲ ਬਾਸਮਤੀ ਦੇ ਬੂਟੇ, ਬਿਮਾਰੀ ਦੇ ਸ਼ੁਰੂਆਤੀ ਦੌਰ ਵਿੱਚ ਪੀਲੇ ਰੰਗ ਦੇ ਹੋ ਜਾਂਦੇ ਹਨ, ਜੋ ਬਾਅਦ ਵਿੱਚ ਆਮ ਫਸਲ ਨਾਲੋਂ ਉੱਚੇ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਸੁੱਕ ਜਾਂਦੇ ਹਨ। ਉਨਾਂ ਕਿਹਾ ਕਿ ਜੇਕਰ ਬਿਮਾਰੀ ਵਾਲੇ ਬੂਟੇ ਖੇਤ ਵਿੱਚ ਲੱਗੇ ਰਹਿਣ ਤਾਂ ਇਨਾਂ ਨੂੰ ਬਗੈਰ ਦਾਣਿਆਂ ਤੋਂ ਮੁੰਜਰਾਂ ਪੈਂਦੀਆਂ ਹਨ।

ਉਨਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਰੋਗ ਰਹਿਤ ਬੀਜ ਨੂੰ ਉੱਲੀਨਾਸ਼ਕ ਦਵਾਈਆਂ ਨਾਲ ਸੋਧ ਕੇ ਪਨੀਰੀ ਬੀਜੀ ਜਾਵੇ ਅਤੇ ਲਵਾਈ ਤੋਂ ਪਹਿਲਾਂ ਬਾਸਮਤੀ ਦੀ ਪਨੀਰੀ ਦੀਆ ਜੜਾਂ ਨੂੰ ਸੋਧ ਲਿਆ ਜਾਵੇ। ਉਨਾਂ ਕਿਹਾ ਕਿ ਬਾਸਮਤੀ ਦੀ ਲਵਾਈ ਹਮੇਸ਼ਾਂ ਜੁਲਾਈ ਦੇ ਪਹਿਲੇ ਪੰਦੜਵਾੜੇ ਦਰਮਿਆਨ ਹੀ ਕਰਨੀ ਚਾਹੀਦੀ ਹੈ ਜਦ ਕਿ ਕਿਸਾਨ ਝੋਨੇ ਦੇ ਨਾਲ ਹੀ ਜੂਨ ਮਹੀਨੇ ਦੌਰਾਨ ਲਵਾਈ ਕਰ ਦਿੰਦੇ ਹਨ। ਉਨਾਂ ਕਿਹਾ ਕਿ ਇਸ ਪੜਾਅ ਤੇ ਜਦ ਬਿਮਾਰੀ ਦਾ ਹਮਲਾ ਹੋ ਗਿਆ ਹੁੰਦਾ,ਉਦੋਂ ਬਿਮਾਰੀ ਦੇ ਸ਼ੁਰੂ ਹੋਣ ਤੇ ਜੋ ਬੂਟੇ ਪੀਲੇ ਜਾਂ ਉੱਚੇ ਹੁੰਦੇ ਹਨ ਉਨਾਂ ਨੂੰ ਜੜਾਂ ਸਮੇਤ ਪੁੱਟ ਨਸ਼ਟ ਕਰ ਦੇਣਾ ਚਾਹੀਦਾ ਅਤੇ ਇਸ ਪ੍ਰੀਕ੍ਰਿਆ ਨੂੰ ਇੱਕ ਦੋ ਵਾਰ ਦੁਹਰਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਕੋਈ ਦਵਾਈ ਸਿਫਾਰਸ਼ ਨਹੀਂ ਕੀਤੀ ਗਈ ਇਸ ਲਈ ਕਿਸੇ ਦੇ ਕਹਿਣ ਤੇ ਕੋਈ ਦਵਾਈ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ । ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਇਸ ਵਕਤ ਝੋਨੇ ਦੀ ਫਸਲ ਬਹੁਤ ਵਧੀਆ ਹੈ,ਇਸ ਲਈ ਯੂਰੀਆ ਖਾਦ ਦੇ ਨਾਲ ਕਿਸੇ ਵੀ ਦਾਣੇਦਾਰ ਕੀਟਨਾਸ਼ਕ ਦੀ ਵਰਤੋਂ ਨਾਂ ਕੀਤੀ ਜਾਵੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦ,ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਖ੍ਰੀਦਣ ਸਮੇਂ ਬਿੱਲ ਜ਼ਰੂਰ ਲਿਆ ਜਾਵੇ ਅਤੇ ਜੇਕਰ ਕੋਈ ਡੀਲਰ ਬਿੱਲ ਨਹੀਂ ਦਿੰਦਾ ਤਾਂ ਲਿਖਤੀ ਰੂਪ ਵਿੱਚ ਉਸ ਦੀ ਸ਼ਿਕਾਇਤ ਬਲਾਕ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਕੀਤੀ ਜਾਵੇ।

LEAVE A REPLY

Please enter your comment!
Please enter your name here