ਜਲੰਧਰ (ਦ ਸਟੈਲਰ ਨਿਊਜ਼)। ਜ਼ਿਲਾ ਪ੍ਰਸ਼ਾਸਨ ਵਲੋਂ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਦੇ ਘਰਾਂ ਤੱਕ 134000 ਲੀਟਰ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਮੁਹੱਈਆ ਕਰਵਾਏ ਗਏ। ਜਨਰਲ ਮੇਨੈਜਰ ਅਸਿਟ ਸ਼ਰਮਾ ਦੀ ਅਗਵਾਈ ਵਿੱਚ ਮਿਲਕਫ਼ੈਡ ਦੀਆਂ ਟੀਮਾਂ ਵਲੋਂ ਜ਼ਿਲਾ ਵਿੱਚ ਵੱਧ ਤੋਂ ਵੱਧ ਤਰਾਂ ਤੱਕ ਦੁੱਧ ਅਤੇ ਦੁੱਧ ਦੇ ਉਤਪਾਦਾਂ ਦੀ ਸਪਲਾਈ ਕੀਤੀ ਜਾ ਰਹੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਮਿਲਕਫ਼ੈਡ ਦੀਆਂ ਟੀਮਾਂ ਵਲੋਂ ਅੱਜ 134000 ਲੀਟਰ ਦੁੱਧ,733 ਕਿਲੋ ਪਨੀਰ, 13211 ਕਿਲੋ ਦਹੀਂ, 29133 ਲੀਟਰ ਲੱਸੀ ਅਤੇ 473 ਖੀਰ ਵੱਖ-ਵੱਖ ਆਥੋਰਾਈਜ਼ ਡੀਲਰਾਂ ਵਲੋਂ ਲੋਕਾਂ ਦੇ ਘਰਾਂ ਤੱਕ ਪਹੁੰਚਾਈ ਗਈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦਸਿਆ ਕਿ ਜ਼ਿਲਾ ਪ੍ਰਸ਼ਾਸਨ ਵਚਨਬੱਧ ਹੈ ਕਿ ਜ਼ਿਲੇ ਵਿੱਚ ਕਿਸੇ ਨੂੰ ਜਰੂਰੀ ਚੀਜਾਂ ਦੀ ਪ੍ਰਾਪਤੀ ਲਈ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਕੋਵਿਡ-19 ਵਿਰੁੱਧ ਲੜਾਈ ਨੂੰ ਹੇਠਲੇ ਪੱਧਰ ਤੱਕ ਲੈ ਕੇ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ‘ਮਿਸ਼ਨ ਫ਼ਤਿਹ’ ਤਹਿਤ ਇਕ ਮਹੀਨੇ ਤੱਕ ਚੱਲਣ ਵਾਲੀ ਮੁਹਿੰਮ ਦੀ ਪਹਿਲੀ ਜੂਨ ਤੋਂ ਸ਼ੁਰੂਆਤ ਕੀਤੀ ਗਈ ਹੈ।