ਮੱਕੀ ਦੀ ਫਸਲ ਉੱਪਰ ਫੌਜੀ ਕੀੜੇ ਦੀ ਰੋਕਥਾਮ ਲਈ ਸਿਫਾਰਸ਼ਸ਼ੁਦਾ ਕੀਟਨਾਸ਼ਕ ਦੀ ਹੀ ਵਰਤੋਂ ਕੀਤੀ ਜਾਵੇ : ਡਾ. ਹਰਤਰਨਪਾਲ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ.ਸੁਤੰਤਰ ਕੁਮਾਰ ਐਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਦੀ ਅਗਵਾਈ ਹੇਠ ਬਲਾਕ ਪਠਾਨਕੋਟ ਵਿੱਚ ਸਾਉਣੀ ਸੀਜ਼ਨ ਦੌਰਾਨ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਨੀਮ ਪਹਾੜੀ ਪਿੰਡ ਸਿਉਂਟੀ ਅਤੇ ਕੁਠੇੜ ਵਿੱਚ ਮੱਕੀ ਦੀ ਫਸਲ ਉੱਪਰ ਫੌਜੀ ਕੀੜੇ(ਫਾਲ ਆਰਮੀ ਵਰਮ) ਨਾਲ ਪ੍ਰਭਾਵਤ ਫਸਲ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਨਵੇਂ ਕੀੜੇ ਫਾਲ ਆਰਮੀ ਵਰਮ ਦੇ ਹਮਲੇ ਪ੍ਰਤੀ ਸੁਚੇਤ ਕੀਤਾ। ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਵਾਲੀ ਟੀਮ ਵਿੱਚ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ , ਡਾ.ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਜੀਵਨ ਲਾਲ, ਰਘਬੀਰ ਸਿੰਘ ਸ਼ਾਮਿਲ ਸਨ । ਇਸ ਮੌਕੇ ਸੁਰਜੀਤ ਸਿੰਘ ਪਠਾਨੀਆ ਅਤੇ ਖੂਬੀ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ। ਇਸ ਮੋਕੇ ਤੇ ਕਰੋਨਾ ਵਾਈਰਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਅਧੀਨ ਕਿਸਾਨਾਂ ਨੂੰ ਜਾਗਰੁਕ ਕੀਤਾ ਗਿਆ ਅਤੇ ਵਿਸਥਾਰ ਪੂਰਵਕ ਦਿੱਤੀਆਂ ਜਾ ਰਹੀਆਂ ਹਦਾਇਤਾਂ ਤੋਂ ਵੀ ਜਾਣੂ ਕਰਵਾਇਆ।

Advertisements

 ਅਗਾਂਹ ਵਧੂ ਮੱਕੀ ਉਤਪਾਦਕ ਪੁਸ਼ਪਿੰਦਰ ਸਿੰਘ ਦੇ ਖੇਤਾਂ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਹਰਤਰਨ ਪਾਲ ਸਿੰਘ ਨੇ ਦੱਸਿਆ ਕਿ ਮੌਸਮੀ ਤਬਦੀਲੀਆਂ ਕਾਰਨ ਜ਼ਿਲਾ ਪਠਾਨਕੋਟ ਵਿੱਚ ਮੱਕੀ ਦੀ ਫਸਲ ਉੱਪਰ ਵੀ ਇਹ ਕੀੜਾ ਦੇਖਣ ਨੂੰ ਮਿਲਿਆ ਹੈ,ਜਿਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਫਾਲ ਆਰਮੀ ਵਰਮ ਆਮ ਤੌਰ ਤੇ ਮੱਕੀ ਦੀ ਫਸਲ ਉੱਪਰ ਬਿਜਾਈ ਤੋਂ 10-45 ਦਿਨਾਂ ਦੇ ਦਰਮਿਆਨ ਜ਼ਿਆਦਾ ਨੁਕਸਾਨ ਕਰਦਾ ਹੈ।ਉਨਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਕੀੜੇ ਦੀ ਰੋਕਥਾਮ ਨਾਂ ਕੀਤੀ ਜਾਵੇ ਤਾਂ ਇਹ ਕੀੜਾ ਮੱਕੀ ਦੀ ਫਸਲ ਦਾ ਬਹੁਤ ਨੁਕਸਾਨ ਕਰ ਦਿੰਦਾ ਹੈ। ਉਨਾਂ ਕਿਹਾ ਕਿ ਇਸ ਕੀੜੇ ਦੀ ਸੁੰਡੀ ਦੀ ਪਹਿਚਾਣ ਪਿਛਲੇ ਸਿਰੇ ਵੱਲ ਚਾਰ ਵਰਗ ਬਨਾਉਂਦੇ ਬਿੰਦੂਆਂ ਅਤੇ ਸਿਰ ਉੱਪਰ ਚਿੱਟੇ ਰੰਗ ਦੇ ਅੰਗ੍ਰੇਜੀ ਦੇ ਵਾਈ ‘ ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ। ਉਨਾਂ ਕਿਹਾ ਕਿ ਹਮਲੇ ਦੇ ਸ਼ੁਰੂਆਤੀ ਦੌਰ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਾਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ਉੱਪਰ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣ ਜਾਂਦੇ ਹਨ। ਉਨਾਂ ਕਿਹਾ ਕਿ ਵੱਡੀਆ ਸੁੰਡੀਆਂ ਪੱਤਿਆਂ ਉੱਪਰ ਬੇਤਰਤੀਬੇ ,ਗੋਲ ਜਾਂ ਅੰਡਾਕਾਰ ਮੋਰੀਆਂ ਬਣਾ ਦਿੰਦੀਆਂ ਹਨ ਅਤੇ ਹਮਲੇ ਵਾਲੀ ਗੋਭ ਵਿੱਚ ਕਾਫੀ ਮਾਤਰਾ ਵਿੱਚ ਲੱਕੜ ਦੇ ਬੂਰੇ ਵਾਂਗ ਹਲਕੀਆਂ ਹਰੀਆਂ ਵਿੱਠਾਂ ਦੇਖਣ ਨੂੰ ਮਿਲਦੀਆਂ ਹਨ।ਉਨਾਂ ਕਿਹਾ ਕਿ ਫਾਲ ਆਰਮੀ ਵਰਮ ਦੀ ਰੋਖਥਾਮ ਲਈ ਸਿਰਫ ਸਿਫਾਰਸ਼ਸ਼ੁਦਾ ਕੀਟਨਾਸ਼ਕ ਦੀ ਹੀ ਵਰਤੋਂ ਕੀਤੀ ਜਾਵੇ।

ਡਾ. ਅਮਰੀਕ ਸਿੰਘ  ਇਸ ਕੀੜੇ ਦੀ ਰੋਖਥਾਂਮ ਲਈ ਕਿਹਾ ਕਿ ਇਸ ਕੀੜੇ ਦੇ ਹਮਲੇ ਤੋਂ ਮੱਕੀ ਦੀ ਫਸਲ ਨੂੰ ਬਚਾਉਣ ਲਈ ਮੱਕੀ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜੇਕਰ ਇਸ ਕੀੜੇ ਦਾ ਹਮਲਾ ਮੱਕੀ ਦੀ ਫਸਲ ਉੱਪਰ ਦਿਖਾਈ ਦਵੇ ਤਾਂ ਇਸ ਦੇ ਅਗਾਂਹ ਫੈਲਾਅ ਨੂੰ ਰੋਕਣ ਲਈ ਤੁਰੰਤ 0.4 ਮਿਲੀਟਿਲਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਜਾਂ 0.5 ਮਿਲੀਲਿਟਰ ਸਪਾੲਨਿਟੋਰਮ 11.7 ਐਸ ਸੀ ਜਾਂ 0.4 ਮਿਲ਼ੀਲਿਟਰ ਐਮਾਮੈਕਟਿਨ ਬੈਂਜੋਏਟ ਪਰਤੀ ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰੋ । ਉਨਾਂ ਕਿਹਾ ਕਿ 20 ਦਿਨਾਂ ਦੀ ਫਸਲ ਉੱਪਰ 120 ਲਿਟਰ ਪਾਣੀ ਅਤੇ ਇਸ ਤੋਂ ਬਾਅਦ ਫਸਲ ਦੇ ਵਾਧੇ ਅਨੁਸਾਰ 200 ਲਿਟਰ ਪਾਣੀ ਪ੍ਰਤੀ ਏਕੜ ਵਰਤੋ। ਉਨਾਂ ਕਿਹਾ ਕਿ ਛਿੜਕਾਅ ਕਰਦੇ ਸਮੇਂ ਗੋਲ ਨੋਜ਼ਲ ਹੀ ਵਰਤੋ ਅਤੇ ਪੰਪ ਦੀ ਨੋਜ਼ਲ ਮੱਕੀ ਦੀ ਗੋਭ ਵੱਲ ਹੋਣੀ ਚਾਹੀਦੀ ਹੈ।ਉਨਾਂ ਕਿਹਾ ਕਿ  ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕਰਨਾ ਚਾਹੀਦਾ।ਡਾ. ਮਨਦੀਪ ਕੌਰ  ਨੇ ਕਿਹਾ ਕਿ ਜੇਕਰ ਚਾਰੇ ਵਾਲੀ ਫਸਲ ਉੱਪਰ ਇਸ ਕੀੜੇ ਦਾ ਹਮਲਾ ਹੋਇਆ ਹੈ ਤਾਂ 0.4 ਮਿਲੀਲਿਟਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਪ੍ਰਤੀ ਏਕੜ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਛਿੜਕਾਅ ਵਾਲੀ ਫਸਲ ਨੂੰ 21 ਦਿਨਾਂ ਤੱਕ ਪਸ਼ੂਆਂ ਦੇ ਚਾਰੇ ਲਈ ਨਹੀਂ ਵਰਤਣੀ ਚਾਹੀਦੀ।

LEAVE A REPLY

Please enter your comment!
Please enter your name here