ਕੋਰੋਨਾ ਪਾਜਿਟਿਵ ਮਰੀਜਾਂ ਦੇ ਸੰਪਰਕ ‘ਚ ਆਏ ਲੋਕਾਂ ਦੀ ਟਰੇਸਿੰਗ ਤੇ ਸੈਂਪਲਿੰਗ ਲਈ ਬਣਾਈਆਂ ਵਿਸ਼ੇਸ਼ ਟੀਮਾਂ – ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੀ ਰੋਕਥਾਮ ਅਤੇ ਪਾਜਿਟਿਵ ਕੇਸਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਫੌਰੀ ਸੈਂਪਲਿੰਗ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵਿਸ਼ੇਸ਼ ਕਮੇਟੀਆਂ ਦਾ ਗਠਨ ਕੀਤਾ ਹੈ, ਜਿਹੜੀਆਂ ਪਾਜਿਟਿਵ ਵਿਅਕਤੀਆਂ ਦੇ ਸੰਪਰਕ ‘ਚ ਆਏ ਲੋਕਾਂ ਦੀ ਟਰੇਸਿੰਗ ਅਤੇ ਟੈਸਟਿੰਗ ਕਰਾਉਣਗੀਆਂ।

Advertisements

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹੰਗਾਮੀ ਹਾਲਾਤ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਅਤੇ ਇਸ ਦੀ ਹੋਰ ਵੀ ਅਸਰਦਾਰ ਢੰਗ ਨਾਲ ਰੋਕਥਾਮ ਲਈ ਇਹ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਸਬੰਧਤ ਐਸ.ਡੀ.ਐਮ. ਇਨਾਂ ਕਮੇਟੀਆਂ ਦੇ ਨੋਡਲ ਅਫ਼ਸਰ ਹੋਣਗੇ ਜਦਕਿ ਸਬੰਧਤ ਡੀ.ਐਸ. ਪੀਜ਼ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ (ਐਸ.ਐਮ.ਓਜ਼) ਤੋਂ ਇਲਾਵਾ ਪੇਂਡੂ ਖੇਤਰਾਂ ਲਈ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਸ਼ਹਿਰੀ ਖੇਤਰ ਲਈ ਕਮਿਸ਼ਨਰ ਨਗਰ ਨਿਗਮ/ਕਾਰਜਸਾਧਕ ਅਫ਼ਸਰ, ਨਗਰ ਕੌਂਸਲ/ਨਗਰ ਪੰਚਾਇਤ ਇਨਾਂ ਕਮੇਟੀਆਂ ਦੇ ਮੈਂਬਰ ਹੋਣਗੇ।

ਅਪਨੀਤ ਰਿਆਤ ਨੇ ਜ਼ਿਲਾ ਐਪੀਡੋਮਲੋਜਿਸਟ ਡਾ. ਸੁਲੈਸ਼ ਕੁਮਾਰ, ਜੋ ਸੰਪਰਕ ਟਰੇਸਿੰਗ ਲਈ ਜ਼ਿਲਾ ਹੁਸ਼ਿਆਰਪੁਰ ਵਿੱਚ ਨੋਡਲ ਅਧਿਕਾਰੀ ਹਨ, ਨੂੰ ਨਿਰਦੇਸ਼ ਦਿੱਤੇ ਕਿ ਉਹ ਇਹਨਾਂ ਕਮੇਟੀਆਂ ਨਾਲ ਪੂਰਾ ਤਾਲਮੇਲ ਬਣਾ ਕੇ ਸਮੇਂ-ਸਮੇਂ ‘ਤੇ ਕੋਵਿਡ ਸਬੰਧੀ ਜਾਰੀ ਹੁੰਦੀਆਂ ਹਦਾਇਤਾਂ/ਦਿਸ਼ਾ-ਨਿਰਦੇਸ਼ਾਂ ਤੋਂ ਵੀ ਕਮੇਟੀਆਂ ਨੂੰ ਜਾਣੂ ਕਰਾਉਣਗੇ। ਇਹ ਕਮੇਟੀਆਂ ਯਕੀਨੀ ਬਣਾਉਣਗੀਆਂ ਕਿ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਰੋਨਾ ਦੇ ਪਾਜਿਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਟਰੇਸਿੰਗ ਅਤੇ ਟੈਸਟਿੰਗ ਕੀਤੀ ਜਾਵੇ।

ਇਸ ਤੋਂ ਇਲਾਵਾ ਪਾਜਿਟਿਵ ਮਰੀਜਾਂ ਨੂੰ ਹਦਾਇਤਾਂ ਮੁਤਾਬਕ ਘਰਾਂ ‘ਚ ਇਕਾਂਤਵਾਸ (ਹੋਮ ਆਈਸੋਲੇਸ਼ਨ) ਦੀ ਪ੍ਰਵਾਨਗੀ ਦਿੱਤੀ ਗਈ ਹੈ, ਦੀ ਵੀ ਇਨ-ਬਿਲ ਪਾਲਣਾ ਯਕੀਨੀ ਬਣਾਈ ਜਾਵੇਗੀ। ਅਪਨੀਤ ਰਿਆਤ ਵਲੋਂ ਇਨਾਂ ਕਮੇਟੀਆਂ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਸੰਪਰਕ ਟਰੇਸਿੰਗ, ਟੈਸਟਿੰਗ ਅਤੇ ਹੋਮ ਆਈਸੋਲੇਸ਼ਨ ਸਬੰਧੀ ਹਾਲਾਤ ਦੀ ਰੋਜ਼ਾਨਾ ਸਮੀਖਿਆ ਕਰਨ ਉਪਰੰਤ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਭੇਜਣ। ਇਸ ਰਿਪੋਰਟ ਵਿੱਚ ਟਰੇਸ ਕੀਤੇ ਗਏ ਸੰਪਰਕਾਂ ਦਾ ਗਿਣਤੀ ਕੀਤੇ ਗਏ ਟੈਸਟਾਂ ਦੀ ਗਿਣਤੀ, ਪਾਜਿਟਿਵ ਪਾਏ ਗਏ ਵਿਅਕਤੀਆਂ ਦੀ ਗਿਣਤੀ, ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਮਰੀਜਾਂ ਦੀ ਗਿਣਤੀ ਆਦਿ ਸ਼ਾਮਲ ਹੈ।

ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਮੈਡੀਕਲ ਅਫ਼ਸਰ ਹਰਿੰਦਰ ਸਿੰਘ ਕਾਜਲਾ ਨੂੰ ਬਤੌਰ ਨੋਡਲ ਅਫ਼ਸਰ ਨਿਯੁਕਤ ਕਰਦਿਆਂ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ-19 ਤਹਿਤ ਸਿਵਲ ਸਰਜਨ ਦਫ਼ਤਰ ਨਾਲ ਸਾਰੀਆਂ ਰਿਪੋਰਟਾਂ ਸਬੰਧਤ ਅਥਾਰਟੀਆਂ ਨੂੰ ਸਮੇਂ ਸਿਰ ਭੇਜਣ ਨੂੰ ਯਕੀਨੀ ਬਣਾਉਣਗੇ। ਉਨਾਂ ਕਿਹਾ ਕਿ ਨੋਡਲ ਅਧਿਕਾਰੀ ਰਿਪੋਰਟਾਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਅਤੇ ਪੁਲਿਸ ਵਿਭਾਗ ਦੇ ਨੋਡਲ ਅਧਿਕਾਰੀ ਐਸ.ਪੀ. (ਜਾਂਚ) ਰਵਿੰਦਰ ਪਾਲ ਸਿੰਘ ਸੰਧੂ ਨਾਲ ਤਾਲਮੇਲ ਰੱਖਣਗੇ, ਤਾਂ ਜੋ ਰਿਪੋਰਟਾਂ ਦੀ ਬੇਹਤਰ ਢੰਗ ਨਾਲ ਨਜ਼ਰਸਾਨੀ ਹੋ ਸਕੇ।

LEAVE A REPLY

Please enter your comment!
Please enter your name here