ਮਾਈਨਿੰਗ ਵਿਭਾਗ ਨੇ ਡੇਢ ਦਰਜਨ ਦੇ ਕਰੀਬ ਸਟੋਨ ਕਰੱਸ਼ਰ ਕੀਤੇ ਸੀਲ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ: ਪ੍ਰਵੀਨ ਸੋਹਲ। ਮਾਈਨਿੰਗ ਵਿਭਾਗ ਨੇ ਹਾਜੀਪੁਰ ਅਤੇ ਤਲਵਾੜਾ ਅਧੀਨ ਚੱਲਦੇ ਡੇਢ ਦਰਜਨ ਦੇ ਕਰੀਬ ਸਟੋਨ ਕਰੱਸ਼ਰਾਂ ਨੂੰ ਕੱਚੇ ਮਾਲ ਦਾ ਸ੍ਰੋਤ ਨਾ ਦੱਸਣ ਕਾਰਨ ਸੀਲ ਕਰ ਦਿੱਤਾ ਹੈ। ਮਾਈਨਿੰਗ ਵਿਭਾਗ ਦੀ ਕਰੱਸ਼ਰਾਂ ਖ਼ਿਲਾਫ਼ ਕਾਰਵਾਈ ਆਪਾ ਵਿਰੋਧੀ ਹੈ। ਇੱਕ ਪਾਸੇ ਮਾਈਨਿੰਗ ਵਿਭਾਗ ਜ਼ਿਲਾ ਹੁਸ਼ਿਆਰਪੁਰ ‘ਚ ਕਰੱਸ਼ਰਾਂ ਨੂੰ ਕੱਚਾ ਮਾਲ ਸਪਲਾਈ ਕਰਨ ਲਈ ਨੋਇਡਾ ਦੀ ਪ੍ਰਾਇਮ ਵਿਜ਼ਨ ਨਾਮਕ ਕੰਪਨੀ ਨੂੰ ਨਾਮਜ਼ਦ ਕਰਨ ਦੀ ਗੱਲ ਕਰ ਰਿਹਾ ਹੈ। ਦੂਜੇ ਪਾਸੇ ਕੱਚੇ ਮਾਲ ਦੇ ਸ੍ਰੋਤ ਦੀ ਜਾਣਕਾਰੀ ਕੰਪਨੀ ਦੀ ਬਜਾਇ ਕਰੱਸ਼ਰਾਂ ਤੋਂ ਹਾਸਲ ਕਰਨ ਲਈ ਨੋਟਿਸ ਜ਼ਾਰੀ ਕਰ ਰਿਹਾ ਹੈ। ਇਸ ਸਬੰਧੀ ਸਬਡਵਿਜ਼ਨ ਮੁਕੇਰੀਆਂ ਦੇ ਮਾਈਨਿੰਗ ਅਫ਼ਸਰ ਕਮ ਕਰੱਸ਼ਰ ਇੰਚਾਰਜ ਗਗਨ ਨੇ ਮੰਨਿਆ ਕਿ ਪ੍ਰਾਇਮ ਵਿਜ਼ਨ ਕੰਪਨੀ ਨੇ ਜ਼ਿਲੇ ਦੇ ਕਰੱਸ਼ਰਾਂ ਨੂੰ ਕੱਚਾ ਮਾਲ ਸਪਲਾਈ ਕਰਨ ਦਾ ਸਰਕਾਰੀ ਠੇਕਾ ਲਿਆ ਹੋਇਆ ਹੈ। ਉਸਨੇ ਦੱਸਿਆ ਕਿ ਮੌਨਸੂਨ ਸੀਜ਼ਨ ‘ਚ ਮਾਈਨਿੰਗ ‘ਤੇ ਰੋਕ ਲੱਗੀ ਹੋਈ ਹੈ।

Advertisements

ਬਾਵਜੂਦ ਇਸ ਦੇ ਕੁੱਝ ਕਰੱਸ਼ਰ ਚੱਲ ਰਹੇ ਸਨ, ਜਿਨਾਂ ਨੂੰ ਇੱਕ ਮਹੀਨੇ ਦਾ ਨੋਟਿਸ ਜ਼ਾਰੀ ਕਰ ਕੱਚੇ ਮਾਲ ਦੇ ਸ੍ਰੋਤ ਦੀ ਜਾਣਕਾਰੀ ਦੇਣ ਲਈ ਕਿਹਾ ਗਿਆ ਸੀ। ਪਰ ਕਰੱਸ਼ਰ ਮਾਲਕ ਇਹ ਜਾਣਕਾਰੀ ਦੇਣ ‘ਚ ਨਾਕਾਮ ਰਹੇ। ਜਿਸ ਦੇ ਚੱਲਦਿਆਂ ਜ਼ਿਲਾ ਹੁਸ਼ਿਆਰਪੁਰ ਦੇ ਸਮੂਹ ਕਰੱਸ਼ਰ ਅਤੇ ਮੁਕੇਰੀਆਂ ਸਬ ਡਵੀਜ਼ਨ ਅਧੀਨ ਆਉਂਦੇ ਬਲਾਕ ਹਾਜੀਪੁਰ ਤੇ ਤਲਵਾੜਾ ਦੇ ਕਰੀਬ 17 ਸਟੋਨ ਕਰੱਸ਼ਰ ਸੀਲ ਕਰ ਕੀਤੇ ਗਏ ਹਨ। ਮਾਈਨਿੰਗ ਅਧਿਕਾਰੀ ਨੇ ਕੱਚੇ ਮਾਲ ਦੇ ਸਰੋਤ ਦੀ ਜਾਣਕਾਰੀ ਦਿੱਤੇ ਬਗ਼ੈਰ ਕਰੱਸ਼ਰ ਚਲਾਉਣ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਉਧਰ ਕਰੱਸ਼ਰ ਮਾਲਕਾਂ ਨੇ ਨਾਮ ਨਾ ਛਾਪਣ ਦੀ ਸੂਰਤ ‘ਚ ਦੱਸਿਆ ਹੈ ਕਿ ਪ੍ਰਾਇਮ ਵਿਜ਼ਨ ਨਾਮਕ ਕੰਪਨੀ ਦੇ ਕਰਿੰਦੇ ਉਨਾਂ ਤੋਂ ਪ੍ਰਤੀ ਫੁੱਟ ਦੇ ਹਿਸਾਬ ਨਾਲ ਗੁੰਡਾ ਪਰਚੀ ਵਸੂਲ ਕਰਦੇ ਹਨ, ਮੂੰਹ ਖੋਲਣ ‘ਤੇ ਕਰੱਸ਼ਰਾਂ ਉੱਤੇ ਰੇਡ ਕਰਵਾ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਇਹ ਸਾਰਾ ਕੰਮ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਕਰੱਸ਼ਰ ਮਾਲਕਾਂ ਨੇ ਕਿਹਾ ਕਿ ਗੁੰਡਾ ਪਰਚੀ ਨਾ ਦੇਣ ਕਾਰਨ ਕਰੱਸ਼ਰ ਸੀਲ ਕੀਤੇ ਗਏ ਹਨ।

ਖ਼ੇਤਰ ‘ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਅੰਦਲੋਨ ਕਰ ਰਹੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਘ, ਜਸਵੀਰ ਸਿੰਘ ਤੇ ਲਾਡੀ ਟੋਟੇ, ਸ਼ੀਲਾ ਦੇਵੀ ਅਤੇ ਸੁਦੇਸ਼ ਕੁਮਾਰੀ ਆਦਿ ਨੇ ਦੱਸਿਆ ਕਿ ਗੁੰਡਾ ਪਰਚੀ ਕਾਰਨ ਮਾਈਨਿੰਗ ਮਟੀਰੀਅਲ ਦੇ ਭਾਅ ਅਸਮਾਨੀ ਚੜ• ਗਏ ਹਨ। ਖ਼ੇਤਰ ‘ਚ ਮਾਈਨਿੰਗ ਕਾਰੋਬਾਰ ਭ੍ਰਿਸ਼ਟ ਸਿਆਸਤ, ਕੁਰੱਪਟ ਪ੍ਰਸ਼ਾਸਨ ਅਤੇ ਮਾਫੀਆ ਦੀ ਦੇਣ ਹੈ। ਕਰੱਸ਼ਰ ਮਾਲਕਾਂ ਨੇ ਵਾਹੀ ਯੋਗ ਜ਼ਮੀਨਾਂ ਤਬਾਹ ਕਰ ਦਿੱਤੀਆਂ ਹਨ, ਉੱਥੇ ਹੀ ਗੁੰਡਾ ਟੈਕਸ ਵਸੂਲ ਕਰਨ ਵਾਲਿਆਂ ਦੀ ਇਲਾਕੇ ‘ਚ ਦਹਿਸ਼ਤ ਹੈ।

LEAVE A REPLY

Please enter your comment!
Please enter your name here