ਜ਼ਿਲਾ ਪ੍ਰਸ਼ਾਸਨ ਨੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 52 ਲੜਕੀਆਂ ਨੂੰ ਸਟਾਫ ਨਰਸਾਂ ਵਜੋਂ ਨੌਕਰੀ ਦਿਵਾਈ : ਅਪਨੀਤ ਰਿਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲਾ ਪ੍ਰਸ਼ਾਸਨ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਨਰਸਾਂ ਲਈ ਵਿਸ਼ੇਸ਼ ਰੋਜ਼ਗਾਰ ਮੇਲਾ ਲਗਾ ਕੇ 52 ਲੜਕੀਆਂ ਨੂੰ ਨਾਮੀ ਹਸਪਤਾਲਾਂ ਵਿੱਚ ਸਟਾਫ ਨਰਸ ਵਜੋਂ ਨੌਕਰੀ ਦਿਵਾਈ ਹੈ। ਸਟਾਫ ਨਰਸਾਂ ਵਲੋਂ ਨੌਕਰੀ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ 1.70 ਲੱਖ ਰੁਪਏ ਤੋਂ 2.50 ਲੱਖ ਰੁਪਏ ਤੱਕ ਦਾ ਸਲਾਨਾ ਪੈਕੇਜ ਮਿਲਿਆ ਹੈ।

Advertisements

ਡਿਪਟੀ ਕਮਿਸ਼ਨ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਰੋਜ਼ਗਾਰ ਮੇਲੇ ਵਿੱਚ ਜੀ.ਐਨ.ਐਮ, ਬੀ.ਐਸ.ਸੀ ਅਤੇ ਐਮ.ਐਸ.ਸੀ. ਨਰਸਿੰਗ ਪਾਸ 65 ਲੜਕੀਆਂ ਨੇ ਸ਼ਿਰਕਤ ਕੀਤੀ ਜਿਨਾਂ ਵਿਚੋਂ ਇੰਟਰਵਿਊ ਉਪਰੰਤ 52 ਲੜਕੀਆਂ ਦੀ ਮੌਕੇ ‘ਤੇ ਹੀ ਸਟਾਫ ਨਰਸ ਵਜੋਂ ਨਿਯੁਕਤੀ ਕਰ ਦਿੱਤੀ ਗਈ। ਉਨਾਂ ਦੱਸਿਆ ਕਿ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਇਸ ਰੋਜ਼ਗਾਰ ਮੇਲੇ ਵਿੱਚ ਜਲੰਧਰ ਦੇ ਤਿੰਨ ਮਸ਼ਹੂਰ ਸ਼੍ਰੀਮਨ, ਨਾਸਾ ਅਤੇ ਦੋਆਬਾ ਹਸਪਤਾਲਾਂ ਵਲੋਂ ਨਰਸਾਂ ਦੀ ਚੋਣ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਰਸਾਂ ਦੇ ਰੋਜ਼ਗਾਰ ਮੇਲੇ ਨੂੰ ਮਿਲੇ ਭਰਵੇਂ ਹੁੰਗਾਰੇ ਉਪਰੰਤ ਜ਼ਿਲਾ ਪ੍ਰਸ਼ਾਸਨ ਨੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ 15 ਸਤੰਬਰ ਨੂੰ ਇਕ ਹੋਰ ਵਿਸ਼ੇਸ਼ ਰੋਜ਼ਗਾਰ ਮੇਲਾ ਲਗਾਉਣ ਦਾ ਫੈਸਲਾ ਲਿਆ ਹੈ। ਉਨਾਂ ਦੱਸਿਆ ਕਿ ਇਸ ਮੇਲੇ ਵਿੱਚ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਦੀਆਂ 125 ਅਸਾਮੀਆਂ ਲਈ ਜ਼ਿਲਾ ਹੁਸ਼ਿਆਰਪੁਰ ਅਤੇ ਜਲੰਧਰ ਦੇ ਵੱਖ-ਵੱਖ ਹਸਪਤਾਲਾਂ ਵਲੋਂ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

ਉਨਾਂ ਇਸ ਖਿਤੇ ਨਾਲ ਜੁੜੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦਾ ਵੱਧ ਤੋਂ ਵੱਧ ਲਾਹਾ ਲੈਣ। ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਵਲੋਂ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਊਰੋ ਦਿਨ-ਰਾਤ ਇਕ ਕਰਕੇ ਨੌਜਵਾਨਾਂ ਖਾਸਕਰ ਪੇਂਡੂ ਖੇਤਰਾਂ ਦੇ ਬੇਰੋਜ਼ਗਾਰਾਂ ਨੂੰ ਯੋਗ ਨੌਕਰੀਆਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।

ਉਨਾਂ ਦੱਸਿਆ ਕਿ ਇਸੇ ਲੜੀ ਤਹਿਤ 24 ਸਤੰਬਰ ਤੋਂ 30 ਸਤੰਬਰ ਤੱਕ ਕਰਵਾਏ ਜਾ ਰਹੇ ਰੋਜ਼ਗਾਰ ਮੇਲਿਆਂ ਵਿੱਚ 3831 ਅਸਾਮੀਆਂ ਲਈ ਵੱਖ-ਵੱਖ ਅਦਾਰਿਆਂ ਵਲੋਂ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ ਜਿਸ ਲਈ ਨੌਜਵਾਨਾਂ ਨੂੰ ਪੂਰੇ ਜੋਸ਼ ਨਾਲ ਇਨਾਂ ਮੇਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਨੌਕਰੀਆਂ ਦੇ ਚਾਹਵਾਨ ਉਮੀਦਵਾਰ ਆਪਣੇ ਆਪ ਨੂੰ www.pgrkam.com ‘ਤੇ ਰਜਿਸਟਰ ਕਰ ਸਕਦੇ ਹਨ ਜਾਂ ਹੈਲਪਲਾਈਨ ਨੰਬਰ 62801-97708 ਰਾਹੀਂ ਹੋਰ ਜਾਣਕਾਰੀ ਲੈ ਸਕਦੇ ਹਨ। ਇਸੇ ਦੌਰਾਨ ਦਸੂਹਾ ਦੀ ਬੀ.ਐਸ.ਸੀ. ਨਰਸਿੰਗ ਪਾਸ ਕਮਲਜੀਤ ਕੌਰ, ਜਿਸ ਨੂੰ ਘਰ-ਘਰ ਰੋਜ਼ਗਾਰ ਤਹਿਤ ਸਟਾਫ ਨਰਸ ਵਜੋਂ ਨੌਕਰੀ ਮਿਲੀ, ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸ ਨੂੰ ਨੌਕਰੀ ਲੈਣ ਵਿੱਚ ਬਹੁਤੀ ਮੁਸ਼ੱਕਤ ਨਹੀਂ ਕਰਨੀ ਪਈ।

ਉਸਨੇ ਦੱਸਿਆ ਕਿ ਉਸ ਵਲੋਂ ਇਕ  ਰੋਜ਼ਗਾਰ ਮੇਲੇ ਵਿੱਚ  ਬਿਨੈਪੱਤਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਸਨੂੰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਟੀਮ ਵਲੋਂ ਟੈਲੀਫੋਨਿਕ ਸੁਨੇਹੇ ਰਾਹੀਂ ਇਸ ਵਿਸ਼ੇਸ਼ ਮੇਲੇ ਬਾਰੇ ਦੱਸਿਆ ਗਿਆ ਜਿਥੇ ਉਸਨੂੰ ਜਲੰਧਰ ਦੇ ਇਕ ਹਸਪਤਾਲ ਵਿੱਚ ਨੌਕਰੀ ਮਿਲ ਗਈ। ਉਸਨੇ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਉਦਮ ਦੀ ਭਰਵੀਂ ਸ਼ਲਾਘਾ ਕੀਤੀ। ਇਨਾਂ ਰੋਜ਼ਗਾਰ ਮੇਲਿਆਂ ਦੀ ਸਫਲਤਾ ‘ਤੇ ਤਸੱਲੀ ਪ੍ਰਗਟਾਉਂਦਿਆਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਅਫ਼ਸਰ ਕਰਮ ਚੰਦ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਅਤੇ ਕੈਰੀਅਰ ਕਾਊਂਸਲਰ ਅਦਿੱਤਿਆ ਰਾਣਾ ਨੇ ਦੱਸਿਆ ਕਿ ਉਨਾਂ ਦੀ ਟੀਮ ਵਲੋਂ ਹੇਠਲੇ ਪੱਧਰ ਤੱਕ ਜਾਗਰੂਕਤਾ ਫੈਲਾਅ ਕੇ ਬੇਰੋਜ਼ਗਾਰਾਂ ਨੂੰ ਇਨਾਂ ਮੇਲਿਆਂ ਰਾਹੀਂ ਰੋਜ਼ਗਾਰ ਪ੍ਰਾਪਤ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here