ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਨੇ ਝੋਨੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ

ਪਠਾਨਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸੰਯਿਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ  ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਸਰਕਲ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਕੋਠੀ ਪੰਡਤਾਂ ਦੀ, ਪਵਾਰ, ਨਾਰੰਗਪੁਰ ਅਤੇ ਸਿੰਬਲੀ ਗੁਜਰਾਂ ਦਾ ਦੌਰਾ ਕਰਕੇ ਝੋਨੇ ਦੀ ਫਸਲ ਦਾ ਜਾਇਜ਼ਾ ਲਿਆ। ਇਸ ਟੀਮ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ ਅਤੇ ਜੀਵਨ ਲਾਲ ਸ਼ਾਮਲ ਸਨ। ਪਿੰਡ ਪਵਾਰ ਦੇ ਕਿਸਾਨ ਆਗੂ ਰਾਕੇਸ਼ ਕੁਮਾਰ ਪਵਾਰ ਦੇ ਖੇਤਾਂ ਵਿੱਚ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਪ੍ਰੇਰਿਤ ਕਰਦਿਆਂ ਕਿਸਾਨਾਂ ਨੂੰ ਕੋਵਿਡ 19 ਦੇ ਅਗਾਂਹ ਪਸਾਰ ਨੂੰ ਰੋਕਣ ਲਈ ਸਿਹਤ ਵਿਭਾਗ ਦੀਆ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਪ੍ਰੇਰਿਤ ਕੀਤਾ ਅਤੇ ਪੰਜਾਬ ਸਰਕਾਰ ਦੇ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ।  ਉਨਾਂ ਕਿਹਾ ਕਿ ਝੋਨੇ ਦੀ ਫਸਲ ਲਈ ਮੌਸਮ ਦੇ ਅਨਕੂਲ ਰਹਿਣ ਕਾਰਨ ਫਿਲਹਾਲ ਫਸਲ ਦੀ ਹਾਲਤ ਬਹੁਤ ਵਧੀਆ ਹੈ ਅਤੇ ਕਿਸੇ ਵੀ ਕੀੜੇ ਜਾਂ ਬਿਮਾਰੀ ਦਾ ਹਮਾ ਦੇਖਣ ਨੂੰ ਮਿਲਿਆ। ਉਨਾਂ ਨੇ ਕਿਹਾ ਕਿ ਝੋਨੇ ਦੀ ਜੋ ਫਸਲ ਨਿੱਸਰ ਗਈ ਹੈ,ਉਸ ਉਪੱਰ ਝੂਠੀ ਕਾਂਗਿਆਰੀ ਨਾਮਿਕ ਬਿਮਾਰੀ ਨੇ ਕੁਝ ਜਗਾ ਤੇ ਹਮਲਾ ਕੀਤਾ ਹੈ ।

Advertisements

ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਜਿਸ ਦਾ ਹੁਣ ਕੋਈ ਫਾਇਦਾ ਨਹੀਂ। ਉਨਾਂ ਕਿਹਾ ਕਿ ਝੋਨਾ ਅਤੇ ਬਾਸਮਤੀ ਦੀ ਫਸਲ ਦੇ ਨਿਸਰਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਛਿੜਕਾਅ ਨਹੀਂ ਕਰਨਾ ਚਾਹੀਦਾ ਤਾਂ ਜੋ ਦਾਣੇ ਬਨਣ ਦੀ ਪ੍ਰੀਕ੍ਰਿਆ ਪ੍ਰਭਾਵਤ ਨਾਂ ਹੋ ਸਕੇ। ਉਨਾਂ ਕਿਹਾ ਕਿ ਜਿਹੜੇ ਖੇਤਾਂ ਵਿੱਚ ਪਿਛਲੇ ਸਾਲ ਝੂਠੀ ਕਾਂਗਿਆਰੀ (ਹਲਦੀ ਰੋਗ)  ਬਿਮਾਰੀ ਨੇ ਝੋਨੇ ਦੀ ਫਸਲ ਉੱਪਰ ਹਮਲਾ ਕੀਤਾ ਸੀ, ਉਨਾਂ ਖੇਤਾਂ ਵਿੱਚ  ਫਸਲ ਦੇ ਗੱਭ ਭਰਨ ਦੀ ਅਵਸਥਾ ਆਉਣ ਤੇ ਸਿਫਾਰਸ਼ ਕੀਤੀਆਂ ਉੱਲੀਨਾਸ਼ਕਾਂ ਵਿੱਚੋਂ ਕਿਸੇ ਇੱਕ ਦਾ ਛਿੜਕਾਅ ਕਰ ਦੇਣਾ ਚਾਹੀਦਾ। ਉਨਾਂ ਕਿਹਾ ਕਿ ਝੂਠੀ ਕਾਂਗਿਆਰੀ ਦੀ ਬਿਮਾਰੀ ਕਾਰਨ ਦਾਣਿਆਂ ਦੀ ਜਗਾ ਪੀਲੇ ਤੋਂ ਹਰੇ ਰੰਗ ਦੀ ਧੂੜੇਦਾਰ ਉੱਲੀ ਦੇ ਗੋਲੇ ਜਿਹੇ ਬਣ ਜਾਂਦੇ ਹਨ। ਉਨਾਂ ਕਿਹਾ ਕਿ ਜਿੰਨਾਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਸਿਫਾਰਸ਼ਾਂ ਤੋਂ ਵਧੇਰੇ ਕੀਤੀ ਹੋਵੇ, ਉਥੇ ਵੀ ਇਸ ਬਿਮਾਰੀ ਦੀ ਵਧੇਰੇ ਸੰਭਾਵਨਾ ਰਹਿੰਦੀ ਹੈ। ਉਨਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਫਸਲ ਦੇ ਗੱਭ ਭਰਨ ਸਮੇਂ 500 ਗ੍ਰਾਮ ਕਾਪਰ ਹਾਈਡਰੋਅਕਸਾਈਡ 46 ਡੀ ਐਫ ਜਾਂ 400 ਮਿਲੀ ਲਿਟਰ ਪਿਕੋਕਸੀਸਟ੍ਰੋਬਿਨ+ਪ੍ਰੋਪੀਕੋਨਾਜ਼ੋਲ ਨੂੰ 200 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਰੂਰਤ ਤੋਂ ਬਗੈਰ ਕਿਸੇ ਦੇ ਕਹੇ ਤੇ ਜਾਂ ਦੇਖਾ ਦੇਖੀ ਕਿਸੇ ਉੱਲੀਨਾਸ਼ਕ ਜਾਂ ਕੀਟਨਾਸ਼ਕ ਦਾ ਛਿੜਕਾਅ ਨਾਂ ਕਰਨ। ਡਾ. ਮਨਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਬਰਾਮਦ ਨੂੰ ਉਤਸਾਹਿਤ ਕਰਨ ਲਈ 9 ਕੀਟਨਾਸ਼ਕਾਂ ਐਸੀਫੇਟ, ਟਰਾਈਜੋਫਾਸ, ਥਾਈਮੈਥਾਕਸਮ, ਕਾਰਬੈਂਡਾਜ਼ਿਮ, ਟ੍ਰਾਈਸਾਈਕਲਾਜ਼ੋਲ, ਬੂਪਰੋਫੀਜਨ, ਪ੍ਰੋਪੀਕੋਨਾਜ਼ੋਲ, ਕਾਰਬੋਫਿਊਰਾਨ ,ਥਾਇਉਫੀਨੇਟ ਮੀਥਾਇਲ ਦੀ ਵਰਤੋਂ ਝੋਨੇ/ਬਾਸਮਤੀ ਦੀ ਫਸਲ ਉੱਪਰ ਕਰਨ ਤੇ ਪਾਬੰਦੀ ਲਗਾਈ ਗਈ ਹੈ, ਇਸ ਲਈ ਇਨਾਂ ਪਾਬੰਦੀਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਝੋਨੇ ਜਾਂ ਬਾਸਮਤੀ ਦੀ ਫਸਲ ਤੇ ਛਿੜਕਾਅ ਨਾਂ ਕੀਤਾ ਜਾਵੇ।

LEAVE A REPLY

Please enter your comment!
Please enter your name here