ਕੈਬਿਨੇਟ ਮੰਤਰੀ ਅਰੋੜਾ ਨੇ ਰੇਲਵੇ ਮੰਡੀ ਅਤੇ ਘੰਟਾ ਘਰ ਦੇ 60 ਵਿਦਿਆਰਥੀਆਂ ਨੂੰ ਸੌਂਪੇ ਸਮਾਰਟ ਫੋਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ‘ਪੰਜਾਬ ਸਮਾਰਟ ਕੁਨੈਕਟ’ ਸਕੀਮ ਤਹਿਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰੇਲਵੇ ਮੰਡੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਲਾਕ ਟਾਵਰ ਦੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਵੰਡੇ। ਦੋਵਾਂ ਸਕੂਲਾਂ ਵਿੱਚ ਬਾਰਵੀਂ ਜਮਾਤ ਦੇ 30-30 ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦਿੰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨਾਲ ਸਮਾਰਟ ਫੋਨ ਦਾ ਕੀਤਾ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਇਹ ਸਮਾਰਟ ਫੋਨ ਮੌਜੂਦਾ ਕੋਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਣਗੇ ਕਿਉਂਕਿ ਕੋਵਿਡ-19 ਦੀਆਂ ਬੰਦਿਸ਼ਾਂ ਦੇ ਮੱਦੇਨਜ਼ਰ ਵਿਦਿਆਰਥੀ ਇਨਾਂ ਸਮਾਰਟ ਫੋਨਾਂ ਰਾਹੀਂ ਆਨਲਾਈਨ ਪੜਾਈ ਕਰ ਸਕਣਗੇ।

Advertisements

ਉਨਾਂ ਦੱਸਿਆ ਕਿ ਇਨਾਂ ਸਮਾਰਟ ਫੋਨਾਂ ਵਿਚ ਵਿਦਿਆਰਥੀਆਂ ਦੀ ਆਨਲਾਈਨ ਪੜਾਈ ਮੁਤਾਬਕ ਲੋੜੀਂਦੇ ਫੀਚਰ ਮੌਜੂਦ ਹਨ ਜਿਹੜੇ ਉਨਾਂ ਨੂੰ ਘਰ ਬੈਠੇ ਆਪਣੀ ਪੜਾਈ ਕਰਨ ਲਈ ਲਾਹੇਵੰਦ ਹੋਣਗੇ। ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਾਰ•ਵੀਂ ਜਮਾਤ ਤੋਂ ਬਾਅਦ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਇਹ ਸਮਾਰਟ ਫੋਨ ਦਿੱਤੇ ਜਾਣਗੇ। ਵਿਦਿਆਰਥੀਆਂ ਨੂੰ ਆਪਣੀ ਪੜਾਈ ਮਨ ਲਾ ਕੇ ਕਰਨ ਦੀ ਤਾਕੀਦ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮੈਡੀਕਲ ਸਿੱਖਿਆ ਪ੍ਰਦਾਨ ਕਰ ਲਈ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਲਈ ਮਨਜੂਰ ਕੀਤੇ ਗਏ ਮੈਡੀਕਲ ਕਾਲਜ ਦੇ ਪ੍ਰਾਜੈਕਟ ‘ਤੇ ਆਉਂਦੇ ਦੋ ਮਹੀਨਿਆਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ।

ਉਦਯੋਗ ਅਤੇ ਵਣਜ ਮੰਤਰੀ ਨੇ ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਪ੍ਰਿੰਸੀਪਲ ਲਲਿਤਾ ਅਰੋੜਾ ਦੀ ਦੇਖਰੇਖ ਵਿਚ ਸਮਾਜਿਕ ਸਿੱਖਿਆ ਵਿਭਾਗ ਵਲੋਂ ਤਿਆਰ ਕੀਤੇ ‘ਐਜੂਕੇਸ਼ਨਲ ਪਾਰਕ’ ਦਾ ਵੀ ਉਦਘਾਟਨ ਕੀਤਾ। ਸੁੰਦਰ ਸ਼ਾਮ ਅਰੋੜਾ ਨੂੰ ਪਾਰਕ ਬਾਰੇ ਜਾਣਕਾਰੀ ਦਿੰਦਿਆਂ ਲਲਿਤਾ ਅਰੋੜਾ ਨੇ ਦੱਸਿਆ ਕਿ ਇਸ ਵਿੱਚ ਜਲਿਆਂਵਾਲਾ ਬਾਗ਼, ਸੰਸਦ ਭਵਨ, ਪੂਰੇ ਭਾਰਤ ਦਾ ਨਕਸ਼ਾ, ਪੰਜਾਬ ਦੇ ਵੱਖ-ਵੱਖ ਜਿਲਿਆਂ ਅਤੇ ਹੁਸ਼ਿਆਰਪੁਰ ਬਾਰੇ ਨਕਸ਼ੇ ਸਮੇਤ ਵਿਸਥਾਰ ਜਾਣਕਾਰੀ ਪੇਸ਼ ਕੀਤੀ ਗਈ ਹੈ ਤਾਂ ਜੋ ਵਿਦਿਆਰਥੀਆਂ ਨੂੰ ਇਤਿਹਾਸਕ ਪਿਛੋਕੜ ਤੋਂ ਜਾਣੂ ਕਰਾਇਆ ਜਾ ਸਕੇ। ਉਦਯੋਗ ਮੰਤਰੀ ਨੇ ਸਕੂਲ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਪੂਰੀ ਲਗਨ ਅਤੇ ਮੇਹਨਤ ਨਾਲ ਅੱਗੇ ਵਧਦਿਆਂ ਆਪਣੇ ਮਿੱਥੇ ਹੋਏ ਟੀਚਿਆਂ ਨੂੰ ਹਾਸਲ ਕਰਨ।

ਸੁੰਦਰ ਸ਼ਾਮ ਅਰੋੜਾ ਨੇ ਦੋਵਾਂ ਸਕੂਲਾਂ ਵਿੱਚ 30-30 ਵਿਦਿਆਰਥੀਆਂ ਨੂੰ ਸਮਾਰਟ ਫੋਨ ਸੌਂਪੇ। ਜ਼ਿਕਰਯੋਗ ਹੈ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਰੇਲਵੇ ਮੰਡੀ ਵਿੱਚ ਬਾਰਵੀਂ ਜਮਾਤ ਦੀਆਂ 473 ਵਿਦਿਆਰਥਣਾਂ ਨੂੰ ਸਮਾਰਟ ਫੋਨ ਦਿੱਤੇ ਜਾ ਰਹੇ ਹਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੋ-ਐਜੂਕੇਸ਼ਨ), ਘੰਟਾ ਘਰ ਦੇ 142 ਵਿਦਿਆਰਥੀਆਂ ਨੂੰ ਸਮਾਰਟ ਫੋਨ ਮਿਲਣਗੇ। ਇਸ ਮੌਕੇ ਉਦਯੋਗ ਮੰਤਰੀ ਨਾਲ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਬ੍ਰਹਮ ਸ਼ੰਕਰ ਜਿੰਪਾ, ਚੇਅਰਮੈਨ ਨਗਰ ਸੁਧਾਰ ਟਰਸਟ ਰਾਕੇਸ਼ ਮਰਵਾਹਾ ਤੋਂ ਇਲਾਵਾ ਪ੍ਰਿੰਸੀਪਲ ਲਲਿਤਾ ਅਰੋੜਾ, ਪ੍ਰਿੰਸੀਪਲ ਅਸ਼ਵਨੀ ਦੱਤਾ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here