ਕਣਕ ਦੀ ਸਫਲ ਕਾਸ਼ਤ ਲਈ ਸਿਫਾਰਸ਼ਸ਼ੁਦਾ ਕਿਸਮਾਂ ਦੇ ਬੀਜ ਦੀ ਹੀ ਬਿਜਾਈ ਕੀਤੀ ਜਾਵੇ: ਬਲਾਕ ਖੇਤੀਬਾੜੀ ਅਫਸਰ

ਪਠਾਨਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਪਤਕਾਰਾਂ ਨੂੰ ਸ਼ੁੱਧ ਭੋਜਨ ਅਤੇ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲੱਬਧ ਕਰਵਾਉਣ ਲਈ  ਬਲਾਕ ਪਠਾਨਕੋਟ ਵਿੱਚ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਮੀਰਥਲ, ਨੰਗਲ ਭੁਰ, ਪਠਾਨਕੋਟ, ਘਰੋਟਾ, ਸਰਨਾ ਅਤੇ ਪਰਮਾਨੰਦ ਸਥਿਤ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੇ ਵਿਉਪਾਰਕ ਅਦਾਰਿਆਂ ਦੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਵੱਲੋਂ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ 18 ਕਣਕ ਅਤੇ ਹੋਰ ਫਸਲਾਂ ਦੇ ਬੀਜਾਂ ਦੇ ਸੈਂਪਲ ਭਰ ਕੇ ਗੁਣਵੱਤਾ ਦੀ ਪਰਖ ਲਈ ਪ੍ਰਯੋਗਸ਼ਾਲਾ ਵਿੱਚ ਭੇਜ ਦਿੱਤੇ ਗਏ।

Advertisements

ਇਸ ਮੌਕੇ ਉਨਾਂ ਦੇ ਨਾਲ ਡਾ.ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਗੁਰਦਿੱਤ ਸਿੰਘ, ਸੁਭਾਸ ਚੰਦਰ ਖੇਤੀ ਵਿਸਥਾਰ ਅਫਸਰ, ਰਘਬੀਰ ਸਿੰਘ, ਜੀਵਨ ਲਾਲ,ਵਿਜੇ ਕੁਮਾਰ ਹਾਜ਼ਰ ਸਨ। ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਨਾਗਰਿਕਾਂ ਦੀ ਤੰਦਰੁਸਤੀ ਲਈ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਚਲਾਈ ਮੁਹਿੰਮ ਤਹਿਤ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਸ਼ੁੱਧ ਖੇਤੀ ਸਮੱਗਰੀ ਵੇਚਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਕਿਸਾਨਾਂ ਨੂੰ ਕਾਸਤ ਕੀਤੀਆਂ ਫਸਲਾਂ ਉਪਰ ਹਮੇਸ਼ਾਂ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਸਹੀ ਮਿਕਦਾਰ ਹੀ ਵਰਤਣੀ ਚਾਹੀਦੀ ਹੈ। ਉਨਾਂ ਖਾਦ,ਬੀਜ ਅਤੇ ਕੀਟਨਾਸ਼ਕ ਰਸਾਇਣਾਂ ਦੀ ਵਿਕਰੀ ਨਾਲ ਸੰਬੰਧਤ ਦਸਤਾਵੇਜਾਂ ਦੀ ਚੈਕਿੰਗ ਕੀਤੀ ਅਤੇ ਜਿੰਨਾਂ ਡੀਲਰਾਂ ਦੀਆਂ ਊਣਤਾਈਆਂ ਪਾਈਆਂ ਗਈਆਂ,ਉਨਾਂ ਨੂੰ ਤਾੜਨਾ ਕਰਦਿਆਂ ਭਵਿੱਖ ਵਿੱਚ ਕਾਗਜ਼ਾਤ ਦਰੁਸਤ ਕਰਨ ਦੀ ਹਦਾਇਤ ਕੀਤੀ ਅਤੇ ਚਿਤਾਵਨੀ ਵੀ ਦਿੱਤੀ ਜੇਕਰ ਕੋਈ ਦੁਕਾਨਦਾਰ ਬਗੈਰ ਬਿੱਲ ਤੋਂ ਖਾਦ,ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਖਾਦ ਕੰਟਰੋਲ ਆਰਡਰ 1985,ਇੰਸੈਕਟੀਸਾਈਡ ਐਕਟ 1968,ਸੀਡ ਕੰਟਰੋਲ ਆਰਡਰ 1983 ਅਤੇ ਜ਼ਰੂਰ ਵਸਤਾਂ ਐਕਟ 1955 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਿਸੇ ਵੀ ਫਸਲ ਦੀ ਸਫਲ ਕਾਸ਼ਤ ਲਈ ਬੀਜ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਕਣਕ ਦੀ ਕਾਸ਼ਤ ਲਈ ਕੇਵਲ ਸਿਫਾਰਸ਼ ਸ਼ੁਦਾ ਕਿਸਮਾਂ ਦੇ ਬੀਜ ਦੀ ਹੀ ਕਾਸਤ ਕਰਨੀ ਚਾਹੀਦੀ ਹੈ।

ਉਨਾਂ ਕਿਹਾ ਕਿ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦੀ ਬਿਜਾਈ ਕਰਨ ਨਾਲ ਜਿਥੇ ਖੇਤੀ ਲਾਗਤ ਖਰਚੇ ਵੱਧਦੇ ਹਨ,ਉਥੇ ਪੈਦਾਵਾਰ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਲਾਕ ਪਠਾਨਕੋਟ ਵਿੱਚ ਕਿਸੇ ਵੀ ਥਾਂ ਤੇ ਗੈਰ-ਮਿਆਰੀ ਖੇਤੀ ਸਮੱਗਰੀ ਦੀ ਹੁੰੰਦੀ ਵਿਕਰੀ ਬਾਰੇ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਸਕਦਾ ਹੈ। ਉਨਾਂ ਨੇ ਕਿਸਾਨਾਂ ਨੂੰ ਖੇਤੀ ਸਮੱਗਰੀ ਦੀ ਗੈਰ-ਕਾਨੂੰਨੀ ਵਿਕਰੀ ਕਰਨ ਵਾਲੇ ਗੈਰ-ਲਾਇਸੰਸਸ਼ੁਦਾ ਅਤੇ ਅਣਅਧਿਕਾਰਤ ਤੌਰ ਤੇ ਖੇਤੀ ਸਮੱਗਰੀ ਵੇਚਣ ਵਾਲੇ ਕਿਸੇ ਵੀ ਵਿਅਕਤੀ ਬਾਰੇ ਵੀ ਸੂਚਿਤ ਕਰਨ ਦੀ  ਅਪੀਲ ਕੀਤੀ ਹੈ। ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਸੂਚਨਾ ਦੇਣ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਗੁਪਤ ਰੱਖੀ ਜਾਵੇਗੀ।

ਉਨਾਂ ਇਸ ਮੋਕੇ ਤੇ ਪੰਜਾਬ ਸਰਕਾਰ ਵੱਲੋਂ ਬਿਨਾਂ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਏ ਬਿਨਾਂ ਖੇਤੀ ਕਰਨ ਲਈ ਵੀ ਕਿਸਾਨਾਂ ਨੂੰ ਅਪੀਲ ਕੀਤੀ। ਉਹਨਾਂ ਕਿਹਾ ਕਿ ਸਰਕਾਰ ਦਾ ਵੀ ਉਪਰਾਲਾ ਹੈ ਕਿ ਵਾਤਾਵਰਣ ਨੂੰ ਸਾਫ ਰੱਖਿਆ ਜਾਵੇ ਅਤੇ ਖੇਤਾਂ ਦੀ ਤੰਦਰੁਸਤੀ ਵੀ ਬਰਕਰਾਰ ਰੱਖੀ ਜਾਵੇ। ਉਹਨਾਂ ਕਿਹਾ ਕਿ ਖੇਤ ਵੀ ਤੱਦ ਹੀ ਤੰਦਰੁਸਤ ਤੇ ਵਧੇਰੇ ਪੈਦਾਵਾਰ ਵਾਲੇ ਰਹਿ ਸਕਦੇ ਹਨ ਜਦੋਂ ਅਸੀਂ ਖੇਤਾਂ ਵਿੱਚ ਰਹਿੰਦ ਖੁਹੰਦ ਨੂੰ ਅੱਗ ਨਹੀਂ ਲਗਾਉਂਦੇ।

LEAVE A REPLY

Please enter your comment!
Please enter your name here