ਪਰਾਲੀ ਨੂੰ ਅੱਗ ਨਾ ਲਗਾ ਕੇ ਉਨਤ ਖੇਤੀ ਕਰ ਰਿਹਾ ਕਿਸਾਨ ਬਲਵੀਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਖੇਤੀਬਾੜੀ ਵਿਭਾਗ ਦੇ ਲਗਾਏ ਗਏ ਕੈਂਪਾਂ ਤੋਂ ਖੇਤੀ ਵਿੱਚ ਹੋਏ ਫਾਇਦਿਆਂ ਬਾਰੇ ਬਲਾਕ ਦਸੂਹਾ ਦੇ ਪਿੰਡ ਸਫਦਰਪੁਰ ਕੁੱਲੀਆਂ ਦਾ ਕਿਸਾਨ ਬਲਵੀਰ ਸਿੰਘ ਦੱਸਦਾ ਹੈ ਕਿ ਉਸਨੇ ਪਿਛਲੇ ਚਾਰ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਜਿਸ ਕਾਰਨ ਉਸ ਨੂੰ  ਫ਼ਸਲ ਦੇ ਝਾੜ ਵਿੱਚ ਵਾਧਾ ਤਾਂ ਹੋਇਆ ਹੀ ਹੈ ਬਲਕਿ ਉਹ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਵੀ ਆਪਣਾ ਯੋਗਦਾਨ ਪਾ ਸਕਿਆ ਹੈ। ਬਲਵੀਰ ਸਿੰਧ ਨੇ ਕਿਹਾ ਕਿ ਉਸਨੇ ਪਿਛਲੇ ਕੁਝ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਵੱਖ-ਵੱਖ ਖੇਤੀਬਾੜੀ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਐਮ.ਬੀ ਪਲੋਅ ਅਤੇ ਰੋਟਾਵੇਟਰ ਨਾਲ ਕਰ ਰਿਹਾ ਹੈ। ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਲਗਭਗ 20 ਸਾਲ ਤੋਂ ਖੇਤੀ ਕਰ ਰਿਹਾ ਹੈ ਅਤੇ 10 ਏਕੜ ਜ਼ਮੀਨ ਵਿੱਚ ਝੋਨੇ ਦੀ ਕਾਸ਼ਤ ਕਰਦਾ ਹੈ।

Advertisements

ਉਨਾਂ ਕਿਹਾ ਕਿ ਬੇਟ ਏਰੀਆ ਹੋਣ ਕਰਕੇ ਜ਼ਮੀਨ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਰਹਿੰਦੀ ਹੈ ਜਿਸ ਕਰਕੇ ਕਣਕ ਦੀ ਬਿਜਾਈ ਵਿੱਚ ਦੇਰੀ ਹੋ ਜਾਂਦੀ ਸੀ, ਪਰ ਖੇਤੀਬਾੜੀ ਮਹਿਕਮੇਂ ਦੇ ਸਹਿਯੋਗ ਅਤੇ ਪਰਾਲੀ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਸਬਸਿਡੀ ‘ਤੇ ਦਿੱਤੇ ਹੋਏ ਸੰਦਾਂ ਦੀ ਮਦਦ ਨਾਲ ਉਹ ਬਿਨਾਂ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਬਿਜਾਈ ਕਰਦਾ ਹੈ। ਬਲਵੀਰ ਸਿੰਘ ਨੇ ਦੱਸਿਆ ਕਿ ਉਹ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਪਰਾਲੀ ਗੁੱਜਰ ਭਾਈਚਾਰੇ ਨੂੰ ਚੁੱਕਾ ਕੇ ਕੁਝ ਰਕਬੇ ਵਿੱਚ ਖੜੇ ਮੁੱਢਾਂ ਵਿੱਚ ਹੈਪੀ ਸੀਡਰ ਦੀ ਵਰਤੋਂ ਨਾਲ ਕਣਕ ਬਿਜਾਈ ਕਰਦਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਕਣਕ ਦੇ ਬੀਜ ਨੂੰ ਉਗਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਸਗੋਂ ਪਰਾਲੀ ਖੇਤ ਦੇ ਵਿੱਚ ਵਧੀਆ ਮਲਚ ਦਾ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਦੇ ਨਾਲ-ਨਾਲ ਲੇਬਰ ਉਤੇ ਸਮੇਂ ਦੀ ਬਚਤ ਹੁੰਦੀ ਹੈ ਅਤੇ ਵਾਤਾਵਰਣ ਵੀ ਗੰਦਲਾ ਹੋਣ ਤੋਂ ਬਚਾਅ ਹੁੰਦਾ ਹੈ, ਜਿਸਦੇ ਨਾਲ ਨਦੀਨਾਂ ਦੀ ਸਮੱਸਿਆ ਵੀ ਘੱਟ ਹੁੰਦੀ ਹੈ। ਬਲਵੀਰ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਤਾਲਮੇਲ ਬਣਾਈ ਰੱਖਦਾ ਹੈ ਅਤੇ ਖੇਤੀ ਮਾਹਿਰਾਂ ਤੋਂ ਸਮੇਂ-ਸਮੇਂ ‘ਤੇ ਤਕਨੀਕੀ ਜਾਣਕਾਰੀ ਹਾਸਲ ਕਰਦਾ ਹੈ। ਇਸ ਤਰਾਂ ਸਮੇਂ ਦੀ ਮੰਗ ਅਤੇ ਭਵਿੱਖ ਦੀ ਲੋੜ ਅਨੁਸਾਰ ਵਾਤਾਵਰਣ ਦੀ ਸੰਭਾਲ ਅਤੇ ਧਰਤੀ ਦੀ ਉਪਜਾਊ ਸ਼ਕਤੀ ਲਈ ਉਹ ਆਪਣਾ ਫਰਜ ਨਿਭਾਅ ਰਿਹਾ ਹੈ।

LEAVE A REPLY

Please enter your comment!
Please enter your name here