ਜ਼ਿਲੇ ‘ਚ ਯੂਰੀਆ ਦੀ ਕੋਈ ਕਿੱਲਤ ਨਹੀਂ, 2600 ਮੀਟ੍ਰਿਕ ਟਨ ਯੂਰੀਆ ਦੀ ਆਮਦ: ਡੀ.ਸੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਰੇਲ ਗੱਡੀਆਂ ਦੀ ਬਹਾਲੀ ਉਪਰੰਤ ਮੰਗਲਵਾਰ ਨੂੰ ਸਥਾਨਕ ਰੇਲਵੇ ਸਟੇਸ਼ਨ ‘ਤੇ 2600 ਮੀਟ੍ਰਿਕ ਟਨ ਯੂਰੀਆ ਦੀ ਆਮਦ ਨਾਲ ਜ਼ਿਲੇ ਦੇ 7 ਬਲਾਕਾਂ ਦੇ ਕਿਸਾਨਾਂ ਨੂੰ ਲੋੜੀਂਦਾ ਯੂਰੀਆ ਉਪਲਬੱਧ ਕਰਵਾਇਆ ਜਾ ਰਿਹਾ ਹੈ ਅਤੇ ਜ਼ਿਲੇ ਵਿੱਚ ਯੂਰੀਆ ਦੀ ਕਿਸੇ ਵੀ ਕਿਸਮ ਦੀ ਕੋਈ ਕਿੱਲਤ ਨਹੀਂ ਹੈ।

Advertisements

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲਦ ਹੀ ਮੁਕੇਰੀਆਂ, ਹਾਜੀਪੁਰ ਅਤੇ ਤਲਵਾੜਾ ਬਲਾਕਾਂ ਲਈ ਵਿਸ਼ੇਸ਼ ਮਾਲ ਗੱਡੀ ਰਾਹੀਂ ਯੂਰੀਆ ਪਹੁੰਚੇਗਾ। ਉਨਾਂ ਦੱਸਿਆ ਕਿ ਅੱਜ ਪਹੁੰਚੀ ਖਾਦ 7 ਬਲਾਕਾਂ ਦੀਆਂ ਕੋਆਪ੍ਰੇਟਿਵ ਸੋਸਾਇਟੀਆਂ ਨੂੰ ਮੰਗ ਮੁਤਾਬਕ ਮੁਹੱਈਆ ਕਰਵਾਈ ਜਾ ਰਹੀ ਹੈ ਜੋ ਕਿ ਨਾਲ ਦੀ ਨਾਲ ਕਿਸਾਨਾਂ ਤੱਕ ਪਹੁੰਚਣੀ ਸ਼ੁਰੂ ਹੋ ਗਈ ਹੈ। ਉਨਾਂ ਨੇ ਦੱਸਿਆ ਕਿ ਆਉਂਦੇ ਸਮੇਂ ਵਿੱਚ ਜ਼ਿਲੇ ਵਿੱਚ ਯੂਰੀਆ ਦੀ ਲੋੜੀਂਦੀ ਸਪਲਾਈ ਜਾਰੀ ਰਹੇਗੀ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਹਨਾਂ ਕਿਹਾ ਕਿ ਸਾਰੇ ਬਲਾਕਾਂ ਵਿੱਚ ਕਿਸਾਨਾਂ ਦੀ ਮੰਗ ਅਨੁਸਾਰ ਲੋੜੀਂਦੀ ਖਾਦ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਰੇਲਵੇ ਰੇਕ ਲੱਗਣ ਨਾਲ ਹਰ ਖੇਤਰ ਵਿੱਚ ਖਾਦ ਪੁੱਜਦੀ ਹੋ ਜਾਵੇਗੀ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋੜੀਂਦੀ ਮਾਤਰਾ ਵਿੱਚ ਹੀ ਯੂਰੀਆ ਲੈ ਕੇ ਜਾਣ ਨੂੰ ਤਰਜ਼ੀਹ ਅਤੇ ਖਾਦ ਦਾ ਬੇਲੋੜਾ ਸਟਾਕ ਨਾ ਕਰਨ।

ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਸੱਦਾ ਦਿੱਤਾ ਕਿ ਜ਼ਿਲੇ ਦੇ ਸਾਰੇ ਬਲਾਕਾਂ ਵਿੱਚ ਹੋ ਰਹੀ ਲਗਾਤਾਰ ਸਪਲਾਈ ਦੇ ਮੱਦੇਨਜ਼ਰ ਕਿਸਾਨ ਯੂਰੀਆ ਨੂੰ ਮੁੱਢਲੀ ਲੋੜੀਂਦੀ ਮਾਤਰਾ ਵਿੱਚ ਹੀ ਵਰਤਣ ਕਿਉਂਕਿ ਆਉਂਦੇ ਦਿਨਾਂ ਦੌਰਾਨ ਵੀ ਖਾਦ ਸਪਲਾਈ ਬੇਰੋਕ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਮੁਕੇਰੀਆਂ, ਤਲਵਾੜਾ ਅਤੇ ਹਾਜੀਪੁਰ ਬਲਾਕ ਲਈ ਗੁਰਦਾਸਪੁਰ ਰੇਲਵੇ ਸਟੇਸ਼ਨ ‘ਤੇ ਰੇਕ ਲੱਗਣ ਉਪਰੰਤ ਖਾਦ ਸਪਲਾਈ ਕਰਵਾਈ ਜਾਵੇਗੀ।

LEAVE A REPLY

Please enter your comment!
Please enter your name here