ਏਡੀਜੀਪੀ ਏ.ਐਸ. ਰਾਏ ਨੇ ਮੁਨੀਸ਼ ਜਿੰਦਲ ਵਲੋਂ ਚਲੰਤ ਮਾਮਲਿਆਂ ਬਾਰੇ ਲਿਖੀ ਕਿਤਾਬ “ਦਿ ਪੰਜਾਬ ਰਵਿਊ” ਕੀਤੀ ਰੀਲੀਜ਼

ਚੰਡੀਗੜ੍ਹ(ਦ ਸਟੈਲਰ ਨਿਊਜ਼)। ਅਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਐਨ.ਆਰ.ਆਈ. ਮਾਮਲੇ ਅਮਰਦੀਪ ਸਿੰਘ ਰਾਏ ਨੇ ਅੱਜ ਮੁਨੀਸ਼ ਜਿੰਦਲ ਵਲੋਂ ਪੰਜਾਬ ਦੇ ਚਲੰਤ ਮਾਮਲਿਆਂ ਬਾਰੇ ਲਿਖੀ ਇਕ ਕਿਤਾਬ “ਦਿ ਪੰਜਾਬ ਰਵਿਊ” ਜਾਰੀ ਕੀਤੀ। ਏ.ਡੀ.ਜੀ.ਪੀ. ਰਾਏ ਨੇ ਲੇਖਕ ਮੁਨੀਸ਼ ਜਿੰਦਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਕਿਤਾਬਾਂ ਰਾਹੀਂ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐੱਸ.) ਅਤੇ ਪੰਜਾਬ ਦੀਆਂ ਹੋਰਨਾਂ ਪ੍ਰਤੀਯੋਗੀ ਪ੍ਰੀਖਿਆਵਾਂ ਦੇਣ ਦੇ ਇਛੁੱਕ ਉਮੀਦਵਾਰਾਂ ਦੀ ਸਹਾਇਤਾ ਲਈ ਉਨ੍ਹਾਂ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਏਡੀਜੀਪੀ ਰਾਏ ਨੇ ਇਸ ਪੁਸਤਕ ਦੀ ਭੂਮਿਕਾ ਵੀ ਲਿਖੀ।

Advertisements

ਸ੍ਰੀ ਜਿੰਦਲ ਨੇ ਇਸ ਐਡੀਸ਼ਨ ਨੂੰ ਲਿਖਣ ਲਈ ਏਡੀਜੀਪੀ ਅਮਰਦੀਪ ਸਿੰਘ ਰਾਏ ਵਲੋਂ ਪ੍ਰੇਰਿਤ ਕਰਨ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਕਿਤਾਬ ਬਾਰੇ ਵੇਰਵੇ ਸਾਂਝੇ ਕਰਦਿਆਂ ਸ੍ਰੀ ਜਿੰਦਲ ਨੇ ਕਿਹਾ ਕਿ ਪੰਜਾਬ ਭਰ ਦੇ ਹਜ਼ਾਰਾਂ ਵਿਦਿਆਰਥੀ ਪੰਜਾਬ ਪੀਸੀਐਸ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਭਾਗ ਲੈਂਦੇ ਹਨ ਪਰ ਬਹੁਤ ਸਾਰੇ ਵਿਦਿਆਰਥੀ ਵਿਸ਼ੇ ਬਾਰੇ ਪੂਰੀ ਜਾਣਕਾਰੀ ਨਾ ਹੋਣ ਜਾਂ ਪ੍ਰੀਖਿਆ ਦੀ ਲੋੜ ਅਨੁਸਾਰ ਸਹੀ ਮਾਰਗ ਦਰਸ਼ਨ ਦੀ ਘਾਟ ਕਾਰਨ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਫ਼ਲ ਰਹਿੰਦੇ ਹਨ। ਉਹਨਾਂ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਕੋਚਿੰਗ ਲੈਣ ਵਿਚ ਅਸਮਰੱਥ ਹੁੰਦੇ ਹਨ। ਇਸ ਤਰ੍ਹਾਂ, ਕਿਤਾਬਾਂ ਸਸਤੀਆਂ ਅਤੇ ਤਿਆਰੀ ਦਾ ਸਰਬੋਤਮ ਸਰੋਤ ਹੁੰਦੀਆਂ ਹਨ ਜੇਕਰ ਇਹ ਪ੍ਰੀਖਿਆ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦਿਆਂ ਲਿਖੀਆਂ ਜਾਣ। ਉਹਨਾਂ ਕਿਹਾ ਕਿ ‘ਦਿ ਪੰਜਾਬ ਰਵਿਊ’ ਕਿਤਾਬ ਇਹਨਾਂ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਲਿਖੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਪਿਛਲੀ ਕਿਤਾਬ ਵਿਚ ਪੰਜਾਬ ਦੇ ਹਿੱਸੇ ਜਿਵੇਂ ਕਿ ਇਤਿਹਾਸ, ਸੱਭਿਆਚਾਰ, ਪ੍ਰਸ਼ਾਸ਼ਕੀ ਢਾਂਚੇ ਨੂੰ ਕਾਫ਼ੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੀ ਹਰੇਕ ਪ੍ਰਤੀਯੋਗੀ ਪ੍ਰੀਖਿਆ ਜਿਵੇਂ ਕਿ ਪੀਸੀਐਸ ਜਾਂ ਨਾਇਬ ਤਹਿਸੀਲਦਾਰ ਜਾਂ ਕਿਸੇ ਹੋਰ ਪ੍ਰੀਖਿਆ ਵਿਚ ਪੰਜਾਬ ਦੇ ਚਲੰਤ ਮਾਮਲਿਆਂ ਬਾਰੇ ਸਵਾਲ ਪੁੱਛੇ ਜਾਂਦੇ ਹਨ।

ਸ੍ਰੀ ਜਿੰਦਲ ਨੇ ਕਿਹਾ ਕਿ ਇਸ ਕਿਤਾਬ ਵਿਚ ਉਹਨਾਂ ਨੇ ਪੰਜਾਬ ਦੇ ਪਿਛਲੇ ਇੱਕ ਸਾਲ ਦੇ ਚਲੰਤ ਮਾਮਲਿਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ  ਨੇ ਪੰਜਾਬ ਦੇ ਬਜਟ, ਪੰਜਾਬ ਦੇ ਆਰਥਿਕ ਸਰਵੇਖਣ ਅਤੇ ਪਿਛਲੇ ਦੋ ਸਾਲਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਬਾਰੇ ਚਾਨਣਾ ਪਾਇਆ ਹੈ। ਉਹਨਾਂ ਕਿਹਾ ਕਿ ਇਸ ਕਿਤਾਬ ਵਿਚ ਪੰਜਾਬੀ ਭਾਸ਼ਾ ਅਤੇ ਰਾਜਨੀਤਿਕ ਥਿਊਰੀ ਬਾਰੇ ਇਕ ਅਧਿਆਏ ਵੀ ਹੈ। ਇਸ ਤੋਂ ਇਲਾਵਾ ਕਿਤਾਬ ਦੇ ਅੰਤ ਵਿਚ ਪਿਛਲੇ ਸਾਲ ਦੇ ਪੇਪਰ ਅਤੇ ਮਾਡਲ ਟੈਸਟ ਪੇਪਰ ਵੀ ਦਿੱਤੇ ਗਏ ਹਨ ਜੋ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਤਿਆਰੀਆਂ ਦੇ ਮੁਲਾਂਕਣ ਵਿਚ ਸਹਾਈ ਹੋਣਗੇ। ਮੁਨੀਸ਼ ਜਿੰਦਲ ਨੇ ਕਿਹਾ, “ਮੇਰੀ ਪਿਛਲੀ ਕਿਤਾਬ ‘ਸਾਡਾ ਪੰਜਾਬ’ ਨੂੰ ਪਾਠਕਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਵੇਖਦਿਆਂ, ਮੈ ਆਸ ਕਰਦਾ ਹਾਂ ਕਿ ਪਾਠਕ ਮੇਰੀ ਇਸ ਕਿਤਾਬ ਨੂੰ ਵੀ ਉਨ੍ਹਾਂ ਹੀ ਪਿਆਰ ਦੇਣਗੇ।”

LEAVE A REPLY

Please enter your comment!
Please enter your name here