ਪਠਾਨਕੋਟ: ਸੂਬੇ ਦੀਆਂ 2376 ਬਾਲੜੀਆਂ ਨੂੰ ਦਿੱਤੇ ਸਮਾਰਟ ਫੋਨ ਬਣ ਰਹੇ ਡਿਜੀਟਲ ਸਿੱਖਿਆ ਦਾ ਆਧਾਰ: ਵਰਿੰਦਰ

ਪਠਾਨਕੋਟ, (ਦ ਸਟੈਲਰ ਨਿਊਜ਼)। ਪੂਰੇ ਦੇਸ ਵਿੱਚ 24 ਜਨਵਰੀ ਨੂੰ ਰਾਸਟਰੀ ਬਾਲੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਵਾਰ ਸੂਬੇ ਦੀਆਂ ਬਾਲੜੀਆਂ ਨੂੰ ਸਮਾਰਟ ਫੋਨ ਦਾ ਤੋਹਫਾ ਦਿੱਤਾ ਹੈ ਜੋ ਡਿਜੀਟਲ ਸਿੱਖਿਆ ਦਾ ਆਧਾਰ ਬਣ ਕੇ ਉੱਭਰ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਰਿੰਦਰ ਪਰਾਸਰ ਜਿਲਾ ਸਿੱਖਿਆ ਅਧਿਕਾਰੀ (ਸੈਕੰਡਰੀ) ਪਠਾਨਕੋਟ ਨੇ ਕੀਤਾ।

Advertisements

ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜਦੇ ਬਾਰਵੀ ਜਮਾਤ ਦੇ ਬੱਚਿਆਂ ਨੂੰ ਸਮਾਰਟ ਫੋਨ ਵੰਡਣ ਸਬੰਧੀ ਯੋਜਨਾ ‘ਪੰਜਾਬ ਸਮਾਰਟ ਕੁਨੈਕਟ ਸਕੀਮ‘ ਸੁਰੂ ਕੀਤੀ ਹੋਈ ਹੈ। ਇਸ ਯੋਜਨਾ ਤਹਿਤ ਜ਼ਿਲਾ ਪਠਾਨਕੋਟ ਦੇ 5283 ਵਿਦਿਆਰਥੀਆਂ ਨੂੰ ਇਨਾਂ ਸਮਾਰਟ ਫੋਨਾਂ ਦੀ ਵੰਡ ਕੀਤੀ ਗਈ ਹੈ ਜਿਹਨਾਂ ਵਿੱਚ 2376 ਕੁੜੀਆਂ ਸਾਮਿਲ ਹਨ।

ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ 1 ਲੱਖ 75 ਹਜ਼ਾਰ 443 ਵਿਦਿਆਰਥੀਆਂ (ਲੜਕੇ-ਲੜਕੀਆਂ) ਨੂੰ ਇਹ ਸਮਾਰਟ ਫੋਨ ਵੰਡੇ ਜਾ ਚੁੱਕੇ ਹਨ, ਜਿਹਨਾਂ ਵਿੱਚ ਲਗਭਗ 86915 ਕੁੜੀਆਂ ਹਨ। ਉਨਾਂ ਕਿਹਾ ਕਿ ਇਹ ਸਕੀਮ ਸਮਾਰਟ ਫੋਨ ਜਰੀਏ ਨੌਜਵਾਨਾਂ ਦਾ ਖਾਸ ਕਰਕੇ ਕੁੜੀਆਂ ਦੇ ਡਿਜ਼ੀਟਲ ਸਸ਼ਕਤੀਕਰਨ ਵੱਲ ਮੀਲ ਪੱਥਰ ਸਾਬਤ ਹੋਵੇਗੀ। ਸਮਾਰਟ ਫੋਨ ਦੇ ਨਾਲ ਬੱਚੇ ਆਧੁਨਿਕ ਸਿੱਖਿਆ, ਕਿੱਤੇ ਦੀ ਚੋਣ, ਕਿੱਤਾ ਮੁੱਖੀ ਸਿੱਖਿਆ, ਰੋਜ਼ਗਾਰ ਮੌਕਿਆਂ ਅਤੇ ਹੋਰ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣਗੇ।

ਉਨਾਂ ਕਿਹਾ ਕਿ ਇਹ ਸਮਾਰਟ ਫੋਨ ਪ੍ਰਸਿੱਧ ਮੋਬਾਇਲ ਨਿਰਮਾਤਾ ਕੰਪਨੀ ਲਾਵਾ ਵੱਲੋ ਤਿਆਰ ਕੀਤੇ ਗਏ ਹਨ। ਆਧੁਨਿਕ ਸਹੂਲਤਾਂ ਨਾਲ ਲੈਸ ਇਸ ਮੋਬਾਇਲ ਵਿੱਚ ਸਿੱਖਿਆ ਨਾਲ ਸਬੰਧਤ ਸਾਰੇ ਐਪ, ਐਮ-ਸੇਵਾ, ਕੈਪਟਨ ਕੁਨੈਕਟ ਅਤੇ ਹੋਰ ਫੀਚਰ ਪਹਿਲਾਂ ਹੀ ਇੰਨਸਟਾਲ ਹਨ।

ਸਮਾਰਟ ਫੋਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਜੋਤੀ, ਸਪਨਾ, ਪੂਜਾ, ਸੁਮਨ, ਗੁਰਿੰਦਰ ਕੌਰ ਆਦਿ ਦਾ ਵੀ ਕਹਿਣਾ ਹੈ ਕਿ ਇਸ ਯੋਜਨਾ ਨਾਲ ਉਨਾਂ ਨੂੰ ਕੋਵਿਡ 19 ਦੌਰਾਨ ਘਰ ਬੈਠ ਕੇ ਆਪਣੀ ਪੜਾਈ ਨੂੰ ਜਾਰੀ ਰੱਖਣ ਵਿੱਚ ਬਹੁਤ ਸਹਾਰਾ ਮਿਲਿਆ। ਉਨਾਂ ਕਿਹਾ ਕਿ ਅੱਜ ਇਸ ਤਕਨੀਕ ਦੇ ਯੁੱਗ ਵਿੱਚ ਬਿਨਾਂ ਮੋਬਾਇਲ ਫੋਨ ਅਤੇ ਇੰਟਰਨੈਟ ਸੁਵਿਧਾ ਤੋ ਸਮੇ ਦੇ ਹਾਣੀ ਬਣਨ ਵਿੱਚ ਕਾਫੀ ਮੁਸ਼ਕਿਲਾਂ ਪੇਸ਼ ਆਉਦੀਆਂ ਹਨ ਅਤੇ ਹੁਣ ਉਨਾਂ ਦੀਆਂ ਇਹ ਸਮੱਸਿਆਵਾਂ ਹੱਲ ਹੋ ਗਈਆਂ ਹਨ।

LEAVE A REPLY

Please enter your comment!
Please enter your name here