ਸਕੂਲ ਮੁਖੀ ਵਿਦਿਆਰਥੀਆਂ ਨੂੰ ਰੈਲੀਆਂ ਅਤੇ ਜਾਗਰੂਕਤਾ ਮੁਹਿੰਮਾਂ ਵਿੱਚ ਨਾ ਭੇਜਣ: ਵਰਿੰਦਰ

ਪਠਾਨਕੋਟ (ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲੀ ਬੱਚਿਆਂ ਨੂੰ ਰੈਲੀਆਂ, ਜਾਗਰੂਕਤਾ ਮੁਹਿੰਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਨਾ ਭੇਜਣ ਸਬੰਧੀ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਅਣਸੁਖਾਵੇਂ ਮੌਸਮ ਕਾਰਨ ਵਿਦਿਆਰਥੀਆਂ ਦੀ ਸਿਹਤ ‘ਤੇ ਅਸਰ ਪੈਣ ਜਾਂ ਸੱਟ ਲੱਗਣ ਦਾ ਖਦਸ਼ਾ ਰਹਿੰਦਾ ਹੈ ਅਤੇ ਦੂਜੇ ਪਾਸੇ ਕੋਵਿਡ-19 ਕਾਰਨ ਲੰਬਾ ਸਮਾਂ ਸਕੂਲ ਬੰਦ ਰਹਿਣ ਕਰਕੇ ਪਹਿਲਾਂ ਹੀ ਬੱਚਿਆਂ ਦੀ ਪੜ੍ਹਾਈ ਨੁਕਸਾਨ ਹੋਇਆ ਹੈ। ਕਿਸੇ ਵੀ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਗੈਰ-ਸਰਕਾਰੀ ਸੰਸਥਾ, ਏਜੰਸੀ ਜਾਂ ਕੰਪਨੀ ਦੇ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਨੂੰ ਭੇਜਣ ਤੋਂ ਮਨਾਹੀ ਕੀਤੀ ਗਈ ਹੈ।

Advertisements

ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਵਰਿੰਦਰ ਪਰਾਸਰ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਕਿਹਾ ਕਿ ਫਰਵਰੀ ਦਾ ਮਹੀਨਾ ਚੱਲ ਰਿਹਾ ਹੈ। ਸਾਲਾਨਾ ਪ੍ਰੀਖਿਆਵਾਂ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਾਸਤੇ ਵਿਦਿਆਰਥੀਆਂ ਕੋਲ ਬਹੁਤ ਘੱਟ ਸਮਾਂ ਹੈ। ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਅਧਿਆਪਕ ਸਵੇਰੇ, ਸ਼ਾਮ ਅਤੇ ਛੁੱਟੀ ਵਾਲੇ ਦਿਨ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਵਾਧੂ ਸਮਾਂ ਲਗਾ ਰਹੇ ਹਨ। ਇਸ ਤਰ੍ਹਾਂ ਜੇਕਰ ਹੁਣ ਕੋਈ ਸੰਸਥਾ ਜਾਂ ਏਜੰਸੀ ਆ ਕੇ ਸਕੂਲੀ ਵਿਦਿਆਰਥੀਆਂ ਦਾ ਸਮਾਂ ਨਸ਼ਟ ਕਰਦੀ ਹੈ ਤਾਂ ਸਕੂਲ ਮੁਖੀਆਂ ਦੀ ਯੋਜਨਾਬੰਦੀ ਪ੍ਰਭਾਵਿਤ ਹੁੰਦੀ ਹੈ। ਸਿੱਖਿਆ ਵਿਭਾਗ ਵੱਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ।

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ. ਸਿੱ) ਰਾਜੇਸਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ ਲਾਲ ਠਾਕੁਰ  ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਇਸ ਸਮੇਂ ਪ੍ਰੀ-ਬੋਰਡ ਇਮਤਿਹਾਨ ਚੱਲ ਰਹੇ ਹਨ। ਵਿਦਿਆਰਥੀਆਂ ਦਾ ਪੂਰਾ ਧਿਆਨ ਇਮਤਿਹਾਨਾਂ ਦੀ ਤਿਆਰੀ ਵੱਲ ਹੈ ਤਾਂ ਜੋ ਸਾਲਾਨਾ ਇਮਤਿਹਾਨਾਂ ਵਿੱਚ ਚੰਗੇ ਨੰਬਰ ਪ੍ਰਾਪਤ ਕਰ ਸਕਣ। ਸਿੱਖਿਆ ਵਿਭਾਗ ਵੱਲੋਂ ਜਾਰੀ ਇਹ ਹਦਾਇਤ ਬਹੁਤ ਹੀ ਲਾਹੇਵੰਦ ਰਹੇਗੀ। ਉਹਨਾਂ ਕਿਹਾ ਕਿ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫ਼ਲ ਬਣਾਉਣ ਲਈ ਵਿਦਿਆਰਥੀਆਂ ਦੀ ਪੜ੍ਹਾਈ ਵੱਲ ਇਕਾਗਰਤਾ ਬਹੁਤ ਜਰੂਰੀ ਹੈ। ਇਹਨਾਂ ਦਿਨਾਂ ਵਿੱਚ ਰੈਲੀਆਂ ਅਤੇ ਜਾਗੂਕਤਾ ਮੁਹਿੰਮਾਂ ਵਿਦਿਆਰਥੀਆਂ ਦਾ ਸਮਾਂ ਬਰਬਾਦ ਕਰਣਗੀਆਂ।

ਇਸ ਮੌਕੇ ਤੇ ਬਲਾਕ ਨੋਡਲ ਅਫਸਰ ਪਿ੍ਰੰਸੀਪਲ ਨਸੀਬ ਸਿੰਘ ਸੈਣੀ, ਪਿ੍ਰੰਸੀਪਲ ਬਲਬੀਰ ਕੁਮਾਰ, ਪਿ੍ਰੰਸੀਪਲ ਪੰਕਜ ਗੁਪਤਾ, ਪਿ੍ਰੰਸੀਪਲ ਰਾਮ ਪਾਲ, ਪਿ੍ਰੰਸੀਪਲ ਰਮੇਸ ਕੁਮਾਰ, ਰਾਹੁਲ ਗੁਪਤਾ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਦੀਪਕ ਕੁਮਾਰ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here