ਜਲੰਧਰ: ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਰੈੱਡ ਕਰਾਸ ਭਵਨ ਵਿਖੇ ਖੋਲ੍ਹਿਆ ਜਾਵੇਗਾ ਬੁੱਕ ਬੈਂਕ: ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼)। ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਆਉਣ ਵਾਲੀ ਹਰ ਮੁਸ਼ਕਿਲ ਨੂੰ ਦੂਰ ਕਰਨ ਦੇ ਮੰਤਵ ਨਾਲ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਰੈੱਡ ਕਰਾਸ ਭਵਨ ਵਿਖੇ ਬੁੱਕ ਬੈਂਕ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।

Advertisements

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੈੱਡ ਕਰਾਸ ਸੁਸਾਇਟੀ ਦੀ ਸਲਾਨਾ ਜਨਰਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਇਹ ਬੁੱਕ ਬੈਂਕ ਖੋਲ੍ਹਿਆ ਜਾ ਰਿਹਾ ਹੈ ਤਾਂ ਜੋ ਕਿਤਾਬਾਂ ਨਾ ਖਰੀਦ ਸਕਣ ਕਾਰਨ ਕਿਸੇ ਵਿਦਿਆਰਥੀ ਨੂੰ ਸਿੱਖਿਆ ਤੋਂ ਵਾਂਝੇ ਨਾ ਰਹਿਣਾ ਪਵੇ।

ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਇਸ ਬੁੱਕ ਬੈਂਕ ਵਿੱਚ ਆਪਣੀਆਂ ਪੁਰਾਣੀਆਂ ਕਿਤਾਬਾਂ ਜਮ੍ਹਾ ਕਰਵਾ ਕੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਜਮ੍ਹਾ ਕਰਵਾਈਆਂ ਗਈਆਂ ਕਿਤਾਬਾਂ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈੱਡ ਕਰਾਸ ਮਾਰਕੀਟ ਦੇ ਦੁਕਾਨਦਾਰਾਂ ਦੀ ਮੰਗ ‘ਤੇ ਉਨ੍ਹਾਂ ਦੀਆਂ ਦੁਕਾਨਾਂ ਦਾ ਦੋ ਮਹੀਨੇ ਦਾ ਕਿਰਾਇਆ ਮੁਆਫ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਲਗਾਏ ਕਰਫਿਊ/ਤਾਲਾਬੰਦੀ ਦੇ ਚੱਲਦਿਆਂ ਕੰਮਕਾਰ ਘੱਟ ਚੱਲਣ ਕਰਕੇ ਸੁਸਾਇਟੀ ਨੂੰ ਦੋ ਮਹੀਨੇ ਦਾ ਕਿਰਾਇਆ ਮੁਆਫ਼ ਕਰਨ ਦੀ ਬੇਨਤੀ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਰੈੱਡ ਕਰਾਸ ਮਾਰਕੀਟ ਸਥਿਤ ਦੁਕਾਨਾਂ ਦਾ 11 ਮਹੀਨੇ ਦਾ ਪੇਸ਼ਗੀ ਕਿਰਾਇਆ ਇਕੱਠਾ ਜਮ੍ਹਾ ਕਰਵਾਉਣ ‘ਤੇ ਦੁਕਾਨਦਾਰਾਂ ਨੂੰ ਇਕ ਮਹੀਨੇ ਦੇ ਕਿਰਾਏ ਤੋਂ ਛੋਟ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਮਾਰਕੀਟ ਦਾ ਕੋਈ ਵੀ ਦੁਕਾਨਦਾਰ 11 ਮਹੀਨੇ ਦਾ ਕਿਰਾਇਆ ਇਕੱਠਾ ਜਮ੍ਹਾ ਕਰਵਾ ਕੇ ਇਸ ਛੋਟ ਦਾ ਲਾਭ ਲੈ ਸਕਦਾ ਹੈ।

ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਰੈੱਡ ਕਰਾਸ ਸੁਸਾਇਟੀ ਵੱਲੋਂ ਨਿਭਾਈ ਭੁਮਿਕਾ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਸੰਕਟ ਦੇ ਇਸ ਸਮੇਂ ਦੌਰਾਨ ਸੁਸਾਇਟੀ ਵੱਲੋਂ ਬਲੱਡ ਡੋਨੇਸ਼ਨ ਸੁਸਾਇਟੀ ਅਤੇ ਡਾ. ਬੀ.ਆਰ. ਅੰਬੇਡਕਰ ਬਲੱਡ ਡੋਨੇਸ਼ਨ ਸੁਸਾਇਟੀ, ਜਲੰਧਰ ਦੇ ਸਹਿਯੋਗ ਨਾਲ 84 ਖੂਨਦਾਨ ਕੈਂਪ ਲਗਾਏ ਗਏ ਅਤੇ ਇਨ੍ਹਾਂ ਕੈਂਪ ਦੌਰਾਨ 1573 ਯੁਨਿਟ ਖੂਨ ਇਕੱਤਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮਹਾਂਮਾਰੀ ਦੌਰਾਨ ਸੁਸਾਇਟੀ ਵੱਲੋਂ ਜਿਥੇ ਗਰੀਬਾਂ, ਲੋੜਵੰਦਾਂ ਅਤੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿੱਚ 23,475 ਮਾਸਕ ਅਤੇ 10,500 ਸਾਬਣ ਵੰਡੇ ਗਏ ਉਥੇ 9500 ਸੈਨੇਟਾਈਜ਼ਰ, 1230 ਦਸਤਾਨਿਆਂ ਦੀ ਵੀ ਵੰਡ ਕੀਤੀ ਗਈ। ਇਸੇ ਤਰ੍ਹਾਂ ਸੁਸਾਇਟੀ ਵੱਲੋਂ ਤਿਆਰ ਪਕਾਏ ਹੋਏ ਖਾਣੇ ਦੇ 36,500 ਪੈਕੇਟ, 50575 ਪਰਿਵਾਰਾਂ ਨੂੰ ਸੁੱਕਾ ਰਾਸ਼ਨ, 6180 ਬੋਤਲਾਂ ਜੂਸ ਅਤੇ 30,000 ਰੁਪਏ ਦੀਆਂ ਦਵਾਈਆਂ ਵੀ ਵੰਡੀਆਂ ਗਈਆਂ। ਇਸ ਤੋਂ ਇਲਾਵਾ 2800 ਪਰਿਵਾਰਾਂ ਨੂੰ ਪ੍ਰਤੀਰੋਧੀ ਸਮਰੱਥਾ ਵਧਾਉਣ ਲਈ ਹੋਮਿਓਪੈਥੀ ਦਵਾਈਆਂ ਵੀ ਵੰਡੀਆਂ ਗਈਆਂ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਮਹਾਨ ਖੂਨਦਾਨੀ ਜਤਿੰਦਰ ਸੋਨੀ ਦਾ ਸਨਮਾਨ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਤਿੰਦਰ ਸੋਨੀ 137 ਵਾਰ ਖੂਨ ਦਾਨ ਕਰ ਚੁੱਕੇ ਹਨ ਅਤੇ ਮਹਾਂਮਾਰੀ ਦੌਰਾਨ ਉਨ੍ਹਾਂ ਵੱਲੋਂ 84 ਖੂਨ ਦਾਨ ਕੈਂਪ ਲਗਾਏ ਗਏ ਸਨ। ਸੈਸ਼ਨ ਕੋਰਟ ਵਿੱਚ ਰੀਡਰ ਵਜੋਂ ਸੇਵਾਵਾਂ ਨਿਭਾਅ ਰਹੇ ਸੋਨੀ ਵੱਲੋਂ 23 ਥੈਲੇਸੀਮਿਕ ਬੱਚਿਆ ਨੂੰ ਅਡਾਪਟ ਕੀਤਾ ਗਿਆ ਹੈ, ਜਿਨ੍ਹਾਂ ਦਾ ਖੂਨ ਬਦਲਣ ਸਮੇਤ ਇਲਾਜ ਦਾ ਸਮੁੱਚਾ ਖਰਚ ਉਨ੍ਹਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਆਪਣੀ ਪੂਰੀ ਤਨਖਾਹ ਖੂਨ ਦਾਨ ਵਰਗੇ ਨੇਕ ਕਾਰਜ ‘ਤੇ ਖਰਚ ਕੀਤੀ ਜਾਂਦੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ.ਡੀ.ਐਮ. ਰਾਹੁਲ ਸਿੰਧੂ, ਡਾ. ਜੈ ਇੰਦਰ ਸਿੰਘ ਅਤੇ ਡਾ. ਸੰਜੀਵ ਸ਼ਰਮਾ ਅਤੇ ਹੋਰ ਮੌਜੂਦ ਸਨ।

LEAVE A REPLY

Please enter your comment!
Please enter your name here