ਸਹਿਕਾਰਤਾ ਲਹਿਰ ਦਾ ਸਫ਼ਲ ਨਮੂਨਾ ਬਣਿਆ ਇਕ ਸਦੀ ਤੋਂ ਵੱਧ ਪੁਰਾਣਾ ਹੁਸ਼ਿਆਰਪੁਰ ਦਾ ਸਹਿਕਾਰਤਾ ਬੈਂਕ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼)ਰਿਪੋਰਟ:ਮੁਕਤਾ ਵਾਲਿਆ। ਕਰੀਬ 107 ਸਾਲ ਪੁਰਾਣਾ ਹੁਸ਼ਿਆਰਪੁਰ ਦਾ ਸਹਿਕਾਰਤਾ ਬੈਂਕ ਸਹਿਕਾਰਤਾ ਲਹਿਰ ਦਾ ਸਫ਼ਲ ਨਮੂਨਾ ਬਣ ਕੇ ਪੰਜਾਬ ਵਿੱਚੋਂ ਮੋਹਰੀ ਰੋਲ ਅਦਾ ਕਰ ਰਿਹਾ ਹੈ। ਇਕ ਸਦੀ ਤੋਂ ਵੱਧ ਇਸ ਸਹਿਕਾਰਤਾ ਬੈਂਕ ਵਲੋਂ ਕਰੀਬ 1700 ਕਰੋੜ ਰੁਪਏ ਦੀਆਂ ਅਮਾਨਤਾਂ ਇਕੱਠੀਆਂ ਕੀਤੀਆਂ ਗਈਆਂ ਹਨ, ਜੋ ਪੰਜਾਬ ਸੂਬੇ ਵਿੱਚ ਕੰਮ ਕਰ ਰਹੇ ਸਾਰੀਆਂ ਸਹਿਕਾਰਤਾ ਬੈਂਕਾਂ ਨਾਲੋਂ ਵੱਧ ਹੈ। ਇਸ ਤੋਂ ਇਲਾਵਾ ਬੈਂਕ ਦਾ ਸਲਾਨਾ ਲੈਣ-ਦੇਣ ਕਰੀਬ 2400 ਕਰੋੜ ਰੁਪਏ ਹੈ, ਜਦਕਿ ਜ਼ਿਲੇ ਨਾਲ ਸਬੰਧਤ ਕਰੀਬ 4 ਲੱਖ ਗ੍ਰਾਹਕ ਬੈਂਕ ਨਾਲ ਜੁੜੇ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਇਹ ਸਹਿਕਾਰੀ ਬੈਂਕ ਸੂਬੇ ਵਿੱਚੋਂ ਮੋਹਰੀ ਰੋਲ ਅਦਾ ਕਰ ਰਿਹਾ ਹੈ ਅਤੇ ਇਸ ਬੈਂਕ ਦੀਆਂ ਜ਼ਿਲੇ ਵਿੱਚ 64 ਬਰਾਂਚਾਂ ਅਤੇ 2 ਐਕਸਟੈਂਸ਼ਨ ਕਾਊਂਟਰ ਕੰਮ ਕਰ ਰਹੇ ਹਨ, ਜਿਸ ਸਦਕਾ ਕਰੀਬ 300 ਵਿਅਕਤੀ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ।

Advertisements

-1700 ਕਰੋੜ ਰੁਪਏ ਦੀਆਂ ਅਮਾਨਤਾਂ ਨਾਲ ਪੰਜਾਬ ਦੇ ਸਮੂਹ ਬੈਂਕਾਂ ਤੋਂ ਮੋਹਰੀ

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਕਰਜ਼ਾ ਮੁਆਫ਼ੀ ਸਕੀਮ ਤਹਿਤ ਬੈਂਕ ਵਲੋਂ ਜ਼ਿਲੇ ਵਿੱਚ ਖੇਤੀਬਾੜੀ ਨਾਲ ਸਬੰਧਤ 10,481 ਕਿਸਾਨਾਂ ਦੇ 96.38 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਸਹਿਕਾਰਤਾ ਬੈਂਕਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ। ਉਨਾਂ ਦੱਸਿਆ ਕਿ ਇਕੱਠੀਆਂ ਕੀਤੀਆਂ ਅਮਾਨਤਾਂ ਦਾ ਵੱਧ ਤੋਂ ਵੱਧ ਫਾਇਦਾ ਜ਼ਿਲਾ ਵਾਸੀਆਂ ਨੂੰ ਕਰੀਬ 647.65 ਕਰੋੜ ਰੁਪਏ ਕਰਜ਼ੇ ਜਾਰੀ ਕਰਕੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੈਂਕ ਆਪਣੇ ਗਾਹਕਾਂ ਨੂੰ ਜ਼ਿਲੇ ਭਰ ਦੀਆਂ 66 ਕੰਪਿਊਟਰਾਈਜ਼ਡ ਬਰਾਂਚਾਂ ਰਾਹੀਂ ਆਨਲਾਈਨ ਬੈਕਿੰਗ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨਾਂ ਦੱਸਿਆ ਕਿ ਬੈਂਕ ਵਲੋਂ 42,232 ਕਿਸਾਨ ਕਾਰਡ ਵੀ ਹੁਣ ਤੱਕ ਜਾਰੀ ਕੀਤੇ ਗਏ ਹਨ। ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਵਿੱਚ ਇਹ ਜ਼ਿਲਾ ਸਹਿਕਾਰੀ (ਕੋਆਪ੍ਰੇਟਿਵ) ਲਹਿਰ ਦਾ ਜਨਮਦਾਤਾ ਹੈ।

ਸੰਨ 1892 ਵਿੱਚ ਪਿੰਡ ਪੰਜਵੜ, ਊਨਾ ਦੇ ਅਗਾਂਹਵਧੂ ਕਿਸਾਨਾਂ ਨੇ ਇਕ ਸਭਾ ਬਣਾਈ ਸੀ ਅਤੇ ਇਹ ਸਭਾ 1904 ਵਿੱਚ ਇੰਡੀਅਨ ਕੋਆਪ੍ਰੇਟਿਵ ਸੋਸਾਇਟੀਜ਼ ਐਕਟ ਬਣਨ ‘ਤੇ ਬਕਾਇਦਾ ਰਜਿਸਟਰਡ ਕੀਤੀ ਗਈ। ਉਨਾਂ ਦੱਸਿਆ ਕਿ ਸਰਕਾਰੀ ਬੈਂਕ ਹੁਸ਼ਿਆਰਪੁਰ 27 ਜੁਲਾਈ 1910 ਨੂੰ ਹੋਂਦ ਵਿੱਚ ਆਇਆ ਅਤੇ ਉਸ ਸਮੇਂ ਇਸ ਦੇ 10 ਮੈਂਬਰ ਅਤੇ 2 ਬਰਾਂਚਾਂ ਹੀ ਕੰਮ ਕਰਦੀਆਂ ਸਨ। ਉਨਾਂ ਦੱਸਿਆ ਕਿ ਬੈਂਕ 1985 ਤੋਂ ਦਰਜਾ ਇਕ ਦੀ ਸ਼੍ਰੇਣੀ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਮੌਜੂਦਾ ਤੌਰ ‘ਤੇ ਬੈਂਕ ਦੇ ਨਾਲ ਜ਼ਿਲੇ ਦੇ ਪਿੰਡਾਂ ਵਿੱਚ ਸਥਾਪਿਤ 798 ਸਭਾਵਾਂ ਮੈਂਬਰ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਹਿਕਾਰਤਾ ਬੈਂਕ ਹਰ ਵਰਗ ਦੇ ਲੋਕਾਂ ਵਿਸ਼ੇਸ਼ ਕਰਕੇ ਕਿਸਾਨੀ ਕਿੱਤੇ ਨਾਲ ਸਬੰਧਤ ਵਿਅਕਤੀਆਂ ਨੂੰ ਨਿਰੰਤਰ ਵਧੀਆ ਸੇਵਾਵਾਂ ਦੇ ਰਿਹਾ ਹੈ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਬਰਾਂਚ ਦੇ ਮੈਨੇਜਰ ਪਵਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਬੈਂਕ ਵਲੋਂ ਹਰ ਵਰਗ ਦੇ ਵਿਅਕਤੀਆਂ ਨੂੰ ਉਨਾਂ ਦੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰਨ ਅਤੇ ਆਰਥਿਕ ਸਹਾਇਤਾ ਦੇਣ ਲਈ ਵੱਖ-ਵੱਖ ਕਰਜ਼ਾ ਸਕੀਮਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।

ਉਨਾਂ ਦੱਸਿਆ ਕਿ ਇਨਾਂ ਕਰਜ਼ਾ ਸਕੀਮਾਂ ਵਿੱਚ ਐਜੂਕੇਸ਼ਨ ਕਰਜ਼ਾ, ਮਾਈ ਭਾਗੋ ਇਸਤਰੀ ਸ਼ਕਤੀ ਸਕੀਮ, ਗਊ ਖਰੀਦਣ ਲਈ ਕਰਜ਼ਾ, ਮਿੰਨੀ ਡੇਅਰੀ ਸਕੀਮ,  ਕਿਸਾਨਾਂ ਨੂੰ ਕੈਸ਼ ਕ੍ਰੈਡਿਟ ਲਿਮਟ, ਕਿਸਾਨ ਕ੍ਰੈਡਿਟ ਕਾਰਡ, ਨਾਨ ਫਾਰਮ ਸੈਕਟਰ ਦੇ ਕਰਜ਼ੇ, ਸਹਿਕਾਰੀ ਸ਼ਹਿਰੀ ਅਵਾਸ ਯੋਜਨਾ, ਪੇਂਡੂ ਮਕਾਨ ਉਸਾਰੀ ਯੋਜਨਾ, ਤਨਖਾਹਦਾਰ ਮੁਲਾਜ਼ਮਾਂ ਲਈ ਕਰਜ਼ੇ, ਕਿਸਾਨਾਂ ਨੂੰ ਦੋ ਪਹੀਆ ਵਾਹਨ ਖਰੀਦਣ ਲਈ ਕਰਜ਼ੇ, ਪਰਸਨਲ ਕਰਜ਼ੇ ਤੋਂ ਇਲਾਵਾ ਵਹੀਕਲ ਆਦਿ ਖਰੀਦਣ ਲਈ ਕਰਜ਼ੇ ਦੀ ਸਹੂਲਤ ਸ਼ਾਮਲ ਹੈ। ਉਨਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਬੈਂਕ ਦੀ ਇਕ ਬਰਾਂਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ (ਕਮਰਾ ਨੰ: 118, ਪਹਿਲੀ ਮੰਜ਼ਿਲ) ਵੀ ਖੋਲ ਦਿੱਤੀ ਗਈ ਹੈ।

LEAVE A REPLY

Please enter your comment!
Please enter your name here