10 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦਿਆਂ ਜ਼ਿਲ੍ਹੇ ਵਿੱਚ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਮੰਡੀਆਂ ਵਿੱਚ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਕਣਕ ਦੀ ਖ਼ਰੀਦ ਦੌਰਾਨ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਦੌਰਾਨ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦਿਆਂ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚੱਜੇ ਤੇ ਵੱਖਰੇ ਢੰਗ ਨਾਲ ਨੇਪਰੇ ਚਾੜਨ ਲਈ ਪ੍ਰਵਾਨਿਤ ਮੰਡੀਆਂ ਵਿੱਚ ਵਾਧਾ ਕਰਦਿਆਂ ਨਵੀਆਂ ਮੰਡੀਆਂ ਬਣਾਈਆਂ ਜਾ ਰਹੀਆਂ ਹਨ ਜਿਸ ਤਰ੍ਹਾਂ ਪਿਛਲੇ ਸਾਲ ਕਣਕ ਅਤੇ ਝੋਨੇ ਦੀ ਖ਼ਰੀਦ ਦੌਰਾਨ ਕੀਤਾ ਗਿਆ ਸੀ।

Advertisements

ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਸਟੋਰੇਜ਼ ਪੁਆਇੰਟਾਂ, ਪੰਜਾਬ ਸਰਕਾਰ ਦੀਆਂ ਖ਼ਾਲੀ ਥਾਵਾਂ ਅਤੇ ਸ਼ੈਲਰਾਂ ਨੂੰ ਵਰਤਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨਾਲ ਜਿਥੇ ਮੰਡੀਆਂ ਵਿੱਚ ਕਿਸਾਨਾਂ ਦੀ ਭੀੜ ਘੱਟ ਹੋਵੇਗੀ ਉਥੇ ਨਾਲ ਹੀ ਮੰਡੀਆਂ ਵਿੱਚ ਸਮਾਜਿਕ ਦੂਰੀ ਨੂੰ ਵੀ ਬਰਕਰਾਰ ਰੱਖਿਆ ਜਾ ਸਕੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿੱਚ ਅਸਾਨੀ ਨਾਲ ਕਣਕ ਲਿਆਉਣ ਲਈ ਮੰਡੀ ਬੋਰਡ ਵਲੋਂ 10 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਕਣਕ ਦੇ ਖ਼ਰੀਦ ਸੀਜ਼ਨ ਦੌਰਾਨ ਵਿਸ਼ੇਸ਼ ਪਾਸ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਕਣਕ ਦੀ ਸੁਚੱਜੀ ਖ਼ਰੀਦ ਦੇ ਨਾਲ-ਨਾਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਉਨਾਂ ਦੀ ਸੋਨੇ ਰੰਗੀ ਫ਼ਸਲ ਨੂੰ ਹਰ ਕੀਮਤ ਤੇ ਖਰੀਦ ਕੇ ਚੁੱਕਿਆ ਜਾਵੇਗਾ।

LEAVE A REPLY

Please enter your comment!
Please enter your name here