ਕਣਕ ਦੀ ਨਿਰਵਿਘਨ ਖਰੀਦ ਲਈ ਅਨਾਜ ਮੰਡੀਆਂ ਵਿਚ ਢੁਕਵੇਂ ਪ੍ਰਬੰਧ ਹੋਣਗੇ: ਹਿਮਾਂਸ਼ੂ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖਰੀਦ ਲਈ ਜਿਲ੍ਹੇ ਵਿੱਚ ਢੁਕਵੇਂ ਖਰੀਦ ਪ੍ਰਬੰਧ ਕੀਤੇ ਜਾਣਗੇ ਅਤੇ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜਿਲ੍ਹੇ  ਦੀਆਂ ਸਾਰੀਆਂ ਮੰਡੀਆਂ ਵਿਚ ਸਿਹਤ ਸੁਰੱਖਿਆ ਸਾਵਧਾਨੀਆਂ ਨੂੰ ਸਖ਼ਤੀ ਨਾਲ ਅਪਣਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖ਼ੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ ਹਿੰਮਾਸ਼ੂੰ ਕੁੱਕੜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 9 ਮਾਰਕੀਟ ਕਮੇਟੀਆਂ ਵੱਲੋ ਕਣਕ ਦੀ ਖ਼ਰੀਦ ਲਈ 129 ਪੱਕੇ ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ ,ਜਦਕਿ ਕੋਵਿਡ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਅਧੀਨ ਅਤੇ ਕਿਸਾਨਾਂ ਨੂੰ ਹੋਰ ਮੰਡੀਆਂ ਦੀ ਸਹੂਲਤ ਦੇਣ ਲਈ ਵੀ 60 ਆਰਜ਼ੀ ਮੰਡੀਆਂ ਸਥਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਮੰਡੀਆਂ ਵਿੱਚ  ਮੰਡੀ ਬੋਰਡ, ਮਾਰਕੀਟ ਕਮੇਟੀਆਂ ਅਤੇ ਖਰੀਦ ੲੰਜੇਸੀਆ ਦੇ ਮੁਲਾਜ਼ਮਾਂ, ਕਿਸਾਨਾਂ, ਆੜ੍ਹਤੀਆਂ ਅਤੇ ਲੇਬਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਵਿਡ ਸਾਵਧਾਨੀਆਂ ਵਰਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੰਡੀ ਬੋਰਡ, ਖਰੀਦ ਏਜੰਸੀਆਂ ਦੀ ਇਹ ਕੋਸ਼ਿਸ਼ ਹੋਵੇਗੀ ਕਿ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਵਿੱਚ ਲਿਆਉਣ ਤੋਂ 12 ਘੰਟੇ ਦੇ ਸਮੇਂ ਵਿੱਚ ਫਾਰਗ ਕਰ ਦਿੱਤਾ ਜਾਵੇ। ਸਾਰੀਆਂ ਮੰਡੀਆਂ ਵਿੱਚ ਮੁਕੰਮਲ ਸਫਾਈ ਅਤੇ ਸਿਹਤ ਸੁਰੱਖਿਆ ਲਈ ਸੋਡੀਅਮ ਹਾਈਪੋਕਲੋਰਾਈਟ ਨਾਲ ਛਿੜਕਾਅ ਕਰਵਾਇਆ ਗਿਆ ਹੈ। ਮੁੱਖ-ਯਾਰਡ ਅਤੇ ਸਬ-ਯਾਰਡ ਵਿੱਚ 500 ਲੀਟਰ ਪਾਣੀ ਦੀ ਸਮਾਰਥਾ ਵਾਲੀ ਟੈਂਕੀ ਸਮੇਤ ਪੈਂਡਲ ਨਾਲ ਚੱਲਣ ਵਾਲੇ ਵਾਸ਼-ਬੇਸਨ ਲਗਵਾਏ ਜਾਣਗੇ।

Advertisements

ਮੰਡੀਆਂ ਵਿੱਚ ਜ਼ਰੂਰੀ ਸਹੂਲਤਾਂ ਜਿਸ ਤਰ੍ਹਾਂ ਪੀਣ ਵਾਲੇ ਸਾਫ ਪਾਣੀ ਦੇ ਪੁਖਤਾ ਪ੍ਰਬੰਧਾਂ, ਪਖਾਨੇ ਅਤੇ ਛਾਂ ਆਦਿ ਸਬੰਧੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਆਪਸੀ ਦੂਰੀ ਬਣਾਉਣ ਲਈ ਸੂਬੇ ਦੇ ਹਰੇਕ ਯਾਰਡ ਅਤੇ ਖਰੀਦ ਕੇਂਦਰ ਵਿੱਚ ਪੇਂਟ ਨਾਲ 30×30 ਫੁੱਟ ਦੇ ਖਾਨੇ ਬਣਾ ਦਿਤੇ ਜਾਣਗੇ ਅਤੇ ਕਿਸਾਨ ਆਪਣੀ ਫਸਲ ਉਸ ਖਾਨੇ ਵਿੱਚ ਹੀ ਢੇਰੀ ਕਰੇਗਾ। ਉਨ੍ਹਾਂ ਵੱਲੋਂ ਅੱਗੇ ਦੱਸਿਆ ਕਿ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਪ੍ਰਤੀ ਟਰਾਲੀ  ਦੇ ਹਿਸਾਬ ਨਾਲ ਕੂਪਨ ਮੁਹੱਈਆ ਕਰਵਾਏ ਜਾਣਗੇ।  ਕੂਪਨ ਦੀ ਮਿਆਦ ਇਕ ਦਿਨ ਦੀ ਹੋਵੇਗੀ। ਉਸ ਕੂਪਨ ਦੀ ਅਸਲ ਹੋਲੋਗਰਾਮ/ਕਿਊ.ਆਰ. ਨਾਲ ਕੋਡ ਕੀਤੀ ਜਾਵੇਗੀ ਅਤੇ ਉਹ ਹੀ ਯੋਗ ਹੋਵੇਗੀ। ਇਸ ਵਾਰ ਖਾਸ ਵਿਵਸਥਾ ਇਹ ਕੀਤੀ ਹੈ ਕਿ ਕਿਸਾਨਾਂ ਵੱਲੋਂ ਆੜ੍ਹਤੀਆਂ ਨਾਲ ਸੰਪਰਕ ਕਰਕੇ ਹੀ ਜਿਸ ਮਿਤੀ ਅਤੇ ਜਿਸ ਸਥਾਨ ਉਤੇ ਕਣਕ ਢੇਰੀ ਕੀਤੀ ਜਾਣੀ ਹੈ, ਲਿਆਂਦੀ ਜਾਵੇਗੀ। ਇਸ ਲਈ ਨਿਸ਼ਚਿਤ ਜਗ੍ਹਾ ਦਾ ਪ੍ਰਬੰਧ ਕਰਨ ਲਈ ਮਾਰਕਿਟ ਕਮੇਟੀਆਂ ਵੱਲੋਂ ਮੰਡੀਆਂ ਵਿੱਚ ਨਿਸ਼ਾਨ ਲਾ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਕਣਕ ਢੇਰੀ ਕਰਨ ਵਿੱਚ ਮੁਸ਼ਕਿਲ ਨਾ ਆਵੇ। ਕਿਸਾਨਾਂ ਅਤੇ ਆੜ੍ਹਤੀਆਂ ਨੂੰ epmb ਮੋਬਾਈਲ ਐਪ ਡਾਊਨਲੋਡ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਮੰਡੀਆਂ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਕਣਕ ਵੇਚਣ ਲਈ ਪਾਸ ਬਾਰੇ ਤਾਜ਼ਾ ਜਾਣਕਾਰੀ ਮਿਲਦੀ ਰਹੇ।

LEAVE A REPLY

Please enter your comment!
Please enter your name here