ਐਤਵਾਰ ਨੂੰ 6 ਪਿੰਡਾਂ ਅਤੇ 20 ਰਾਧਾ ਸੁਆਮੀ ਸਤਿਸੰਗ ਘਰਾਂ ’ਚ ਲੱਗਣਗੇ ਵਿਸ਼ੇਸ਼ ਵੈਕਸੀਨ ਕੈਂਪ

ਹੁਸ਼ਿਆਰਪੁਰ, 10 ਅਪ੍ਰੈਲ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਇਥੇ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਗਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ 45 ਸਾਲ ਤੋਂ ਉਪਰ ਉਮਰ ਦੇ ਹਰ ਵਿਅਕਤੀ ਨੂੰ ਜਲਦ ਤੋਂ ਜਲਦ ਇਹ ਟੀਕਾ ਲਗਵਾਉਣਾ ਚਾਹੀਦਾ ਹੈ।

Advertisements

ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਜੰਗੀ ਪੱਧਰ ’ਤੇ ਚੱਲ ਰਹੀ ਟੀਕਾਕਰਨ ਮੁਹਿੰਮ ਸਬੰਧੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 100 ਦੇ ਕਰੀਬ ਥਾਵਾਂ ’ਤੇ ਕੋਵਿਡ ਵੈਕਸੀਨ ਲਗਾਉਣ ਤੋਂ ਇਲਾਵਾ ਵੱਖ-ਵੱਖ ਵਾਰਡਾਂ ਅਤੇ ਪਿੰਡਾਂ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਲਗਭਗ 1.34 ਲੱਖ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਜਥੇਬੰਦੀਆਂ ਨਾਲ ਸੰਪਰਕ ਕਰਕੇ ਯੋਗ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਗਵਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦੇ ਘਰਾਂ ਨੇੜੇ ਹੀ ਉਨ੍ਹਾਂ ਦਾ ਟੀਕਾਕਰਨ ਹੋ ਸਕੇ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਜ਼ਿਲ੍ਹੇ ਅੰਦਰ 4600 ਦੇ ਕਰੀਬ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਗਾਈ ਗਈ।

ਐਤਵਾਰ ਨੂੰ ਜ਼ਿਲ੍ਹੇ ਵਿੱਚ ਵੱਖ-ਵੱਖ ਪਿੰਡਾਂ ਅਤੇ ਰਾਧਾ ਸੁਆਮੀ ਸਤਿਸੰਗ ਘਰਾਂ ਵਿੱਚ ਲਗਾਏ ਜਾ ਰਹੇ ਵਿਸ਼ੇਸ਼ ਟੀਕਾਕਰਨ ਕੈਂਪਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ਦੇ ਯੋਗ ਲਾਭਪਾਤਰੀ ਸਵੇਰੇ 10 ਵਜੇ ਤੋਂ ਕੋਵਿਡ ਵੈਕਸੀਨ ਲਗਵਾ ਸਕਦੇ ਹਨ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਬੰਧੀ ਸਬੰਧਤ ਟੀਮਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸੀ.ਐਚ.ਸੀ. ਬੁਢਾਬੜ, ਪਿੰਡ ਮੰਝਪੁਰ, ਲਤੀਫਪੁਰ, ਬਰਿਆਣਾ, ਕੋਟਲੀ ਖਾਸ ਅਤੇ ਭੰਗਾਲਾ ਵਿੱਚ ਵਿਸ਼ੇਸ਼ ਕੈਂਪ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਕੋਵਿਡ ਵੈਕਸੀਨ ਲਾਉਣਗੀਆਂ।

ਇਸੇ ਤਰ੍ਹਾਂ ਬਲਾਕ ਹਾਰਟਾ ਬੱਡਲਾ ਦੇ ਰਾਧਾ ਸੁਆਮੀ ਸਤਿਸੰਗ ਘਰ ਨਾਰਾ, ਬਸੀ ਕਲਾਂ/ਹੰਦੋਵਾਲ, ਢੱਕੋਵਾਲ, ਬਜਰਾਵਰ, ਖਨੌਰਾ, ਬਜਵਾੜਾ, ਨੰਗਲ ਸ਼ਹੀਦਾਂ ਤੋਂ ਇਲਾਵਾ ਬਲਾਕ ਚੱਕੋਵਾਲ ਦੇ ਰਾਧਾ ਸੁਆਮੀ ਸਤਿਸੰਗ ਘਰ ਨੰਦਾਚੌਰ, ਢੱਡੇ ਫਤਿਹ ਸਿੰਘ, ਸਹਾਏਪੁਰ, ਬਾਗਪੁਰ ਅਤੇ ਸ਼ਾਮਚੁਰਾਸੀ ਵਿਖੇ ਵੈਕਸੀਨ ਲਗਾਈ ਜਾਵੇਗੀ। ਬਲਾਕ ਭੂੰਗਾ ਦੇ ਰਾਧਾ ਸੁਆਮੀ ਸਤਿਸੰਗ ਘਰ ਗੁਰਾਇਆ, ਹਰਿਆਣਾ, ਜਨੌੜੀ ਅਤੇ ਤੱਖਣੀ ਵਿੱਚ ਟੀਮਾਂ ਵਲੋਂ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਇਸੇ ਤਰ੍ਹਾਂ ਰਾਧਾ ਸੁਆਮੀ ਸਤਿਸੰਗ ਘਰ ਬੁੱਢਾਬੜ, ਤਲਵੰਡੀ, ਹੰਬੜਾਂ ਅਤੇ ਨੰਗਲ ਜਮਾਲ ਵਿੱਚ ਕੋਵਿਡ ਵੈਕਸੀਨ ਲਗਾਈ ਜਾਵੇਗੀ।

LEAVE A REPLY

Please enter your comment!
Please enter your name here