ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਨਵੀਨਤਮ ਪੜ੍ਹਾਉਣ ਤਕਨੀਕਾਂ ਦਾ ਹੋਵੇਗਾ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾ਼ਂ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਰੌਚਿਕ ਅਤੇ ਸਰਲ ਤਰੀਕੇ ਕਰਵਾਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਹਾਇਕ ਸਮੱਗਰੀ ਅਤੇ ਨਵੀਨਤਮ ਵਿਧੀਆਂ ਦੇ ਪ੍ਰਦਰਸ਼ਨ ਲਈ “ਅਧਿਆਪਕ ਫੈਸਟ” ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਵਿਭਾਗ ਵੱਲੋਂ ਇਸ ਫੈਸਟ ਦੀਆਂ ਮਿਤੀਆਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਗੁਰਸ਼ਰਨ ਸਿੰਘ ਜਿਲਾ ਸਿੱਖਿਆ ਅਫਸਰ (ਸੈਕੰਡਰੀ), ਇੰਜੀ. ਸੰਜੀਵ ਗੌਤਮ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪੜਾਉਣ ਲਈ ਇਸਤੇਮਾਲ ਕੀਤੀ ਜਾ ਰਹੀ ਸਹਾਇਕ ਸਮੱਗਰੀ ਅਤੇ ਵਿਧੀਆਂ ਦਾ ਆਪਣੇ ਪੱਧਰ ‘ਤੇ ਕੀਤਾ ਜਾ ਰਿਹਾ ਨਵੀਨੀਕਰਣ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ।ਅਧਿਆਪਕਾਂ ਵੱਲੋਂ ਆਪਣੇ ਪੱਧਰ ‘ਤੇ ਨਿੱਜੀ ਤਜ਼ਰਬੇ ‘ਚੋਂ ਖੋਜ਼ੀਆਂ ਇਹਨਾਂ ਨਵੀਨਤਮ ਤਕਨੀਕਾਂ ਨਾਲ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਸਰਲ,ਸੌਖੀ ਅਤੇ ਪ੍ਰਭਾਵੀ ਬਣ ਰਹੀ ਹੈ।

Advertisements

ਅਧਿਆਪਕਾਂ ਵੱਲੋਂ ਈਜ਼ਾਦ ਅਜਿਹੀਆਂ ਪੜਾਉਣ ਦੀਆਂ ਨਵੀਨਤਮ ਤਕਨੀਕਾਂ ਦੀ ਜਾਣਕਾਰੀ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਮਨੋਰਥ ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਫੈਸਟ ਕਰਵਾਇਆ ਜਾਵੇਗਾ।ਇਸ ਫੈਸਟ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਵੱਲੋਂ ਖੋਜ਼ੀਆਂ ਨਵੀਆਂ ਪੜਾਉਣ ਤਕਨੀਕਾਂ ਅਤੇ ਸਹਾਇਕ ਸਮੱਗਰੀ ਨੂੰ ਪ੍ਰਦਰਸ਼ਨ ਜਰੀਏ ਸਾਂਝਾ ਕੀਤਾ ਜਾਵੇਗਾ।ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਫੈਸਟ ‘ਚ ਸਾਰੇ ਕਾਡਰਾਂ ਅਤੇ ਸਾਰੇ ਵਿਸ਼ਿਆਂ ਦੇ ਅਧਿਆਪਕ ਸ਼ਿਰਕਤ ਕਰ ਸਕਣਗੇ। ਅਧਿਆਪਕ ਇਕੱਲੇ ਜਾਂ ਗਰੁੱਪ ਗਤੀਵਿਧੀ ਦੇ ਰੂਪ ‘ਚ ਫੈਸਟ ਵਿੱਚ ਸ਼ਿਰਕਤ ਕਰ ਸਕਣਗੇ। ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਅਤੇ ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਨੇ ਦੱਸਿਆ ਕਿ ਫੈਸਟ ਤਿੰਨ ਪੱਧਰਾਂ ਬਲਾਕ,ਜਿਲਾ ਅਤੇ ਸੂਬਾ ਪੱਧਰ ‘ਤੇ ਹੋਵੇਗਾ।ਬਲਾਕ ਪੱਧਰੀ ਫੈਸਟ 22 ਤੋਂ 24 ਜੁਲਾਈ ਤੱਕ ਹੋਵੇਗਾ।ਜਿਲ੍ਹਾ ਪੱਧਰੀ ਫੈਸਟ 26 ਤੋਂ 28 ਅਗਸਤ ਤੱਕ ਹੋਵੇਗਾ ਜਦਕਿ ਸੂਬਾ ਪੱਧਰੀ ਫੈਸਟ 1 ਤੋਂ 3 ਅਗਸਤ ਤੱਕ ਹੋਵੇਗਾ।ਇਸ ਦੌਰਾਨ ਅਧਿਆਪਕਾਂ ਵੱਲੋਂ ਆਪਣੇ ਪੱਧਰ ‘ਤੇ ਈਜ਼ਾਦ ਮਾਡਲ,ਸਹਾਇਕ ਸਮੱਗਰੀ,ਵਿੱਦਿਅਕ ਮੋਬਾਈਲ ਐਪ,ਵਿੱਦਿਅਕ ਖੇਡਾਂ, ਵਿੱਦਿਅਕ ਵੀਡਿਓ ਗੇਮ, ਨਵੀਨਤਮ ਚਾਰਟ, ਫਲੈਸ਼ ਕਾਰਡ, ਕਿੱਟ, ਵਿੱਦਿਅਕ ਪਲੇਅ, ਸੁੰਦਰ ਲਿਖਾਈ, ਕੈਲੀਗ੍ਰਾਫੀ ਅਤਿ ਇਨਫਰਮੇਸ਼ਨ ਟੈਕਨਾਲੋਜੀ ਆਦਿ ਦਾ ਆਨਲਾਈਨ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਦਰਸ਼ਨੀ ਦੇ ਹਰ ਪੱਧਰ ਦੇ ਜੇਤੂ ਅਧਿਆਪਕਾਂ ਨੂੰ ਵਿਭਾਗ ਵੱਲੋਂ ਸਰਟੀਫਿਕੇਟ, ਸਨਮਾਨ ਪੱਤਰ ਅਤੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਵਿਭਾਗ ਵੱਲੋਂ ਜੇਤੂ ਅਧਿਆਪਕਾਂ ਨੂੰ ਏ.ਸੀ.ਆਰ ਅਤੇ ਸਟੇਟ ਅਵਾਰਡ ਵਿੱਚ ਵੀ ਅੰਕ ਦਿੱਤੇ ਜਾਣਗੇ।

ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਜੇਕਰ ਸਰਕਾਰ ਵੱਲੋਂ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਂਦੀ ਹੈ ਤਾਂ ਸੂਬਾ ਪੱਧਰੀ ਤਿੰਨ ਰੋਜ਼ਾ ਪ੍ਰਦਰਸ਼ਨੀ ਆਫਲਾਈਨ ਤਰੀਕੇ ਵੀ ਕਰਵਾਈ ਜਾ ਸਕਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ, ਹਰਮਿੰਦਰ ਸਿੰਘ ਪਪਪਪ ਕੋਆਡੀਨੇਟਰ, ਸਮਰਜੀਤ ਸਿੰਘ ਮੀਡੀਆ ਕੋਆਡੀਨੇਟਰ, ਯੋਗੇਸ਼ਵਰ ਸਲਾਰੀਆ ਸ਼ੋਸ਼ਲ ਮੀਡੀਆ ਕੋਆਡੀਨੇਟਰ, ਸੁਖਵਿੰਦਰ ਸਿੰਘ ਡੀ. ਐਮ. ਸਾਇੰਸ, ਰੁਪਿੰਦਰ ਕੌਰ ਡੀ. ਐਮ. ਅੰਗਰੇਜ਼ੀ, ਨਰੇਸ਼ ਕੁਮਾਰ ਡੀ. ਐਮ. ਗਣਿਤ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here