ਪਿੰਡ ਕਾਲਾ ਮੰਝ ’ਚ ਭਾਬੀ ਨੇ ਦਿਓਰ ’ਤੇ ਆਪਣੇ ਪੇਕੇ ਪਰਿਵਾਰ ਨੂੰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਕਰਵਾਇਆ ਹਮਲਾ, ਵੀਡਿਓ ਵਾਇਰਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਮੀਨੀ ਵਿਵਾਦ ਦੇ ਚਲਦਿਆਂ ਹੁਸ਼ਿਆਰਪੁਰ ਦੇ ਮੁਕੇਰੀਆਂ ਅਧੀਨ ਆਉਂਦੇ ਪਿੰਡ ਕਾਲਾ ਮੰਝ ’ਚ ਭਾਬੀ ਨੇ ਆਪਣੇ ਹੀ ਦਿਓਰ ’ਤੇ ਆਪਣੇ ਪੇਕੇ ਪਰਿਵਾਰ ਦੇ ਲੋਕਾਂ ਨੂੰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਵਾ ਦਿੱਤਾ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਕਤ ਵੀਡੀਓ ਪੀੜਤ ਸੁਰਜੀਤ ਸਿੰਘ ਦੀ ਬੇਟੀ ਰਚਨਾ ਨੇ ਬਣਾਈ, ਜਿਸ ਨੂੰ ਬਾਅਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਹਸਪਤਾਲ ਵਿਚ ਇਲਾਜ ਅਧੀਨ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਦਾ ਆਪਣੀ ਭਾਬੀ ਦੇ ਨਾਲ ਜ਼ਮੀਨੀ ਵਿਵਾਦ ਸੀ, ਜਿਸ ਦਾ ਫ਼ੈਸਲਾ ਦੋ ਦਿਨ ਪਹਿਲਾਂ ਪਿੰਡ ਦੇ ਸਰਪੰਚ ਨੇ ਪੰਚਾਇਤ ’ਚ ਕਰਵਾ ਦਿੱਤਾ ਸੀ। ਪੰਚਾਇਤ ਵੱਲੋਂ ਕੀਤਾ ਗਿਆ ਫ਼ੈਸਲਾ ਭਾਬੀ ਨੂੰ ਮਨਜ਼ੂਰ ਨਹੀਂ ਸੀ, ਜਿਸ ਦੇ ਚਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਘਰ ’ਚ ਭੰਨਤੋੜ ਕੀਤੀ ਅਤੇ ਉਸ ’ਤੇ ਹਮਲਾ ਕਰਵਾ ਦਿੱਤਾ ਗਿਆ। ਸੁਰਜੀਤ ਸਿੰਘ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Advertisements

ਉਥੇ ਹੀ ਪੀੜਤ ਦੀ ਬੇਟੀ ਰਚਨਾ ਨੇ ਦੱਸਿਆ ਕਿ ਉਹ ਘਰ ’ਚ ਬੈਠੇ ਹੋਏ ਸਨ ਤਾਂ ਇਸੇ ਦੌਰਾਨ ਨਸ਼ੇ ਦੀ ਹਾਲਤ ’ਚ ਕੁਝ ਲੋਕ ਉਨ੍ਹਾਂ ਦੇ ਘਰ ਆਏ ਅਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦੇ ਪਿਤਾ ਨੂੰ ਘੜੀਸ ਕੇ ਗਲੀ ’ਚ ਲੈ ਗਏ ਅਤੇ ਕੁੱਟਮਾਰ ਕਰਦੇ ਹੋਏ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਰੌਲਾ ਸੁਣ ਕੇ ਲੋਕ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਉਥੋਂ ਫਰਾਰ ਹੋ ਗਏ। ਉਥੇ ਹੀ ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਰਿੰਕੂ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੇ ਪੰਚਾਇਤ ’ਚ ਦੋਵੇਂ ਪੱਖਾਂ ਦਾ ਫ਼ੈਸਲਾ ਕਰਵਾਇਆ ਸੀ ਪਰ ਦੇਰ ਸ਼ਾਮ ਸੁਰਜੀਤ ਦੀ ਭਾਬੀ ਨੇ ਕੁਝ ਲੋਕਾਂ ਦੀ ਮਦਦ ਨਾਲ ਸੁਰਜੀਤ ’ਤੇ ਹਮਲਾ ਕਰਵਾ ਦਿੱਤਾ।

ਉਨ੍ਹਾਂ ਪਿੰਡ ’ਚ ਕੀਤੀ ਗਈ ਗੁੰਡਾਗਰਦੀ ਲਈ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ। ਉਥੇ ਹੀ ਥਾਣਾ ਮੁਕੇਰੀਆਂ ਦੇ ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਦੋਹਾਂ ਧਿਰਾਂ ਦੇ ਪੱਖਾਂ ਦੇ ਬਿਆਨ ਦਰਜ ਕਰਕੇ ਦੋਸ਼ੀ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here