ਦੇਸ਼ ਸੇਵਾ ਲਈ ਨੌਜਵਾਨਾਂ ਵਿੱਚ ਅਲਖ਼ ਜਗਾਵੇਗਾ ਜ਼ਿਲ੍ਹਾ ਪ੍ਰਸ਼ਾਸਨ

ਜਲੰਧਰ(ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ, ਜਲੰਧਰ ਵੱਲੋਂ ਨੌਜਵਾਨਾਂ ਵਿੱਚ ਦੇਸ਼ ਦੀ ਸੇਵਾ ਲਈ ਅਲਖ਼ ਜਗਾਉਣ ਵਾਸਤੇ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ ਪ੍ਰਸ਼ਾਸਨ ਵੱਲੋਂ ਆਰਮੀ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ/ਅਧਿਆਪਕਾਂ ਲਈ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਕਰਵਾਈ ਜਾਵੇਗੀ ਤਾਂ ਜੋ ਉਨ੍ਹਾਂ ਰਾਹੀਂ ਜ਼ਿਲ੍ਹੇ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ। ਫੌਜ ਵਿੱਚ ਭਰਤੀ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਸਬ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਜੀਤ ਬੈਂਸ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ) ਨੂੰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ/ਅਧਿਆਪਕਾਂ ਦੀ ਆਰਮੀ ਦੇ ਸਹਿਯੋਗ ਨਾਲ ਇਕ ਵਰਕਸ਼ਾਪ ਕਰਵਾਉਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ ਅਤੇ ਉਨ੍ਹਾਂ ਜ਼ਰੀਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਫੌਜ ਦੀ ਭਰਤੀ ਸਬੰਧੀ ਉਤਸ਼ਾਹਿਤ ਕੀਤਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਵਰਕਸ਼ਾਪ ਦੌਰਾਨ ਪ੍ਰਿੰਸੀਪਲਾਂ/ਅਧਿਆਪਕਾਂ ਨੂੰ ਸ਼ਿਫਟਾਂ ਵਿੱਚ ਬੁਲਾ ਕੇ ਜਾਣਕਾਰੀ ਪ੍ਰਦਾਨ ਕੀਤੀ ਜਾਵੇ ਅਤੇ ਇਸ ਦੌਰਾਨ ਕੋਵਿਡ-19 ਸਬੰਧੀ ਸਮੁੱਚੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਬੈਂਸ ਨੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਦਫ਼ਤਰ ਵੱਲੋਂ ਅਤੇ ਸੀ-ਪਾਈਟ ਵਿੱਚ ਫੌਜ ਵਿੱਚ ਭਰਤੀ ਲਈ ਦਿੱਤੀ ਜਾਂਦੀ ਸਿਖਲਾਈ ਸਬੰਧੀ ਨੌਜਵਾਨਾਂ ਨੂੰ ਆਪਣੇ ਪੱਧਰ ‘ਤੇ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਇਨ੍ਹਾਂ ਸੰਸਥਾਵਾਂ ਵਿੱਚ ਸਿਖਲਾਈ ਲੈ ਕੇ ਆਪਣੇ ਫੌਜ ਵਿੱਚ ਭਰਤੀ ਹੋਣ ਦੇ ਸੁਪਨੇ ਨੂੰ ਸਾਕਾਰ ਕਰ ਸਕਣ।

Advertisements

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਪੱਧਰ ‘ਤੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਦਾ ਹੌਕਾ ਦੇਣ ਲਈ ਜੀ.ਓ.ਜੀਜ਼ ਦਾ ਸਹਿਯੋਗ ਵੀ ਲਿਆ ਜਾਵੇਗਾ।  ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਵਿਭਾਗੀ ਅਧਿਕਾਰੀਆਂ ਅਤੇ ਸੰਸਥਾਵਾਂ ਨੂੰ ਸਮੇਂ-ਸਮੇਂ ‘ਤੇ ਫੌਜ ਦੀ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਨ ਵੀ ਲਈ ਕਿਹਾ। ਇਸ ਦੌਰਾਨ ਕਰਨਲ ਰੂਚਿਰ ਪਾਂਡੇ ਨੇ ਫੌਜ ਵਿੱਚ ਭਰਤੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਫੌਜ ਵਿੱਚ ਸਿਪਾਹੀ (ਜਨਰਲ ਡਿਊਟੀ) ਭਰਤੀ ਹੋਣ ਲਈ ਚਾਹਵਾਨ ਨੌਜਵਾਨ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਅਤੇ ਘੱਟੋ-ਘੱਟ 45 ਫੀਸਦੀ ਨੰਬਰਾਂ ਨਾਲ 10ਵੀਂ/ਮੈਟ੍ਰਿਕ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 33 ਫੀਸਦੀ ਨੰਬਰ ਪ੍ਰਾਪਤ ਕੀਤੇ ਹੋਣ। ਇਸੇ ਤਰ੍ਹਾਂ ਸਿਪਾਹੀ (ਜਨਰਲ ਡਿਊਟੀ) ਗੋਰਖਾ ਮੇਲ ਅਤੇ ਫੀਮੇਲ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ। ਜਦਕਿ ਸਿਪਾਹੀ ਟੈਕਨੀਕਲ ਅਤੇ ਸਿਪਾਹੀ (ਏਵੀਏਸ਼ਨ ਤੇ ਐਮੂਨੀਸ਼ਨ ਐਗਜ਼ਾਮੀਨਰ) ਲਈ ਚਾਹਵਾਨ ਨੌਜਵਾਨ ਦੀ ਉਮਰ ਸਾਢੇ 17 ਸਾਲ ਤੋਂ 23 ਸਾਲ ਅਤੇ ਫਿਜ਼ੀਕਿਸ, ਕੈਮਿਸਟੀ, ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਨਾਲ ਸਾਇੰਸ ਵਿੱਚ 12ਵੀਂ/ਇੰਟਰਮੀਡੀਏਟ ਘੱਟੋ-ਘੱਟ 50 ਫੀਸਦੀ ਨੰਬਰਾਂ ਨਾਲ ਪਾਸ ਕੀਤੀ ਹੋਵੇ ਅਤੇ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 40 ਫੀਸਦੀ ਨੰਬਰ ਹਾਸਲ ਕੀਤੇ ਹੋਣ। ਇਸ ਤੋਂ ਇਲਾਵਾ ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ/ ਨਰਸਿੰਗ ਅਸਿਸਟੈਂਟ) ਆਦਿ ਲਈ ਵੀ ਯੋਗ ਉਮੀਦਵਾਰ ਸਮੇਂ-ਸਮੇਂ ‘ਤੇ ਕੀਤੀ ਜਾਂਦੀ ਭਰਤੀ ਰੈਲੀ ਵਿੱਚ ਹਿੱਸਾ ਲੈ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ) ਹਰਿੰਦਰਪਾਲ ਸਿੰਘ, ਡੀ.ਐਸ.ਪੀ. (ਐਚ) ਅਜੈ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here