ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ 5 ਮਰਲਾ ਪਲਾਟ ਦੇਣ ਦੀ ਸਕੀਮ ਨੂੰ ਲਾਗੂ ਕਰਨ ਲਈ 40 ਦਿਨਾਂ ਦੀ ਸਮਾਂ ਸਾਰਨੀ ਕੀਤੀ ਜਾਰੀ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ  ਵੱਲੋਂ 5 ਮਰਲਾ ਪਲਾਟ ਦੇਣ ਦੀ ਸਕੀਮ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਲਈ 40 ਦਿਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਰਾਜ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਆਪਣੀ ਗ੍ਰਾਮ ਸਭਾ ਦੇ ਇਜਲਾਸ ਵਿੱਚ ਬੇਘਰ/ਬੇਜ਼ਮੀਨੇ ਅਤੇ ਲੋੜਵੰਦ ਲੋਕਾਂ ਦੀ ਸਨਾਖ਼ਤ ਕਰਕੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਤਿਆਰ ਕਰਕੇ 5 ਮਰਲਾ ਤੱਕ ਪਲਾਟ ਦੇਣ ਦੀ ਸਿਫਾਰਿਸ਼ ਕਰੇਗੀ। ਪਲਾਟ ਦਾ ਰਕਬਾ ਗ੍ਰਾਮ ਪੰਚਾਇਤ ਕੋਲ ਉੱਪਲੱਬਧ ਢੁਕਵੀਂ ਜਮੀਨ ਅਨੁਸਾਰ ਹੋ ਸਕਦਾ ਹੈ ਪਰ ਇਹ ਪਲਾਟ 5 ਮਰਲੇ ਤੋਂ ਵੱਧ ਨਹੀਂ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦਿੱਤੀ।

Advertisements

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਸਕੀਮ ਦੇ ਪਹਿਲੇ ਪੜਾਅ ਵਿੱਚ ਹਰੇਕ ਗ੍ਰਾਮ ਪੰਚਾਇਤ ਆਪਣੀ ਗ੍ਰਾਮ ਸਭਾ ਦੇ ਇਜਲਾਸ ਵਿੱਚ ਪਲਾਟ ਦੇਣ ਦੇ ਮੰਤਵ ਲਈ ਸ਼ਨਾਖਤ ਕੀਤੇ ਵਿਅਕਤੀਆਂ ਦੀ ਬਣਾਈ ਸੂਚੀ (ਸਰਪੰਚ ਤੇ ਪੰਚਾਇਤ ਸਕੱਤਰ ਰਾਹੀਂ) ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਭੇਜੇਗੀ। ਦੂਜੇ ਪੜਾਅ ਵਿੱਚ 10 ਅਕਤੂਬਰ 2021 ਨੂੰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਆਪਣੇ ਬਲਾਕ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਤੋਂ ਪ੍ਰਾਪਤ ਸ਼ਨਾਖਤ ਵਿਅਕਤੀਆਂ ਦੀਆਂ ਸੂਚੀਆਂ ਨੁੰ ਤਰਤੀਬ ਦੇਣ ਤੇ ਇਸ ਦਾ ਇੰਡੇਕਸ ਤਿਆਰ ਕਰਨ ਉਪਰੰਤ ਬਲਾਕ ਪੱਧਰੀ ਕਮੇਟੀ ਨੂੰ ਯੋਗਤਾ/ਪੜਤਾਲ ਲਈ ਸੌਂਪੇਗਾ। 25 ਅਕਤੂਬਰ ਨੂੰ ਬਲਾਕ ਪੱਧਰੀ ਕਮੇਟੀ 5 ਮਰਲਾ ਤੱਕ ਪਲਾਟ ਦੇਣ ਦੀ ਸਕੀਮ ਦੀਆਂ ਯੋਗਤਾ ਸ਼ਰਮਾ ਅਨੁਸਾਰ ਹਰ ਗ੍ਰਾਮ ਸਭਾ ਦੇ ਵੱਲੋਂ ਸਿਫਾਰਿਸ਼ ਕੀਤੇ ਨਾਵਾਂ ਦੀ ਯੋਗਤਾ ਪੜਤਾਲ ਕਰੇਗੀ, ਯੋਗ ਲਾਭਪਾਤਰੀਆਂ ਨੂੰ ਪਲਾਟ ਦੇਣ ਦੇ ਮੰਤਵ ਲਈ ਢੁੱਕਵੀਂ ਜ਼ਮੀਨ ਉਪਲੱਬਧ ਹੋਣ ਦੀ ਸੂਰਤ ਵਿੱਚ ਕਮੇਟੀ ਆਪਣੀ ਸਿਫਾਰਿਸ਼ ਨਾਲ ਇਹ ਸੂਚੀਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਰਾਹੀਂ ਸਮਰੱਥ ਅਧਿਕਾਰੀ ਨੂੰ ਭੇਜੇਗੀ।

30 ਅਕਤੂਬਰ ਨੂੰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਲਾਕ ਪੱਧਰੀ ਕਮੇਟੀ ਵੱਲੋਂ ਪ੍ਰਾਪਤ ਇੱਕ ਬਲਾਕ ਦੀਆਂ ਸਾਰੀਆਂ ਸੂਚੀਆਂ ਵਿੱਚ 5 ਮਰਲਾ ਤੱਕ ਦੇ ਪਲਾਟ ਦੇਣ ਲਈ ਉਪਲੱਬਧ ਜ਼ਮੀਨ ਦੇ ਵੇਰਵੇ ਤੋਂ ਲੈ ਆਊਟ ਪਲਾਨ ਚੈੱਕ ਕਰਕੇ ਤੇ ਤਰਤੀਬ ਅਤੇ ਇਡੈਕਸ ਬਣਾ ਕੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸਨਰ (ਵਿਕਾਸ) ਜੋ ਕਿ 5 ਮਰਲਾ ਪਲਾਟ ਦੇਣ ਲਈ ਸਮਰੱਥ ਅਧਿਕਾਰੀ (ਸਰਕਾਰ) ਨੂੰ ਪ੍ਰਵਾਨਗੀ ਲਈ ਭੇਜੇਗਾ। 6 ਨਵੰਬਰ ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਮਰੱਥ ਅਧਿਕਾਰੀ ਬਲਾਕ ਪੱਧਰੀ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਘੋਖ ਕੇ 5 ਮਰਲਾ ਪਲਾਟ ਪਾਲਿਸੀ ਅਨੁਸਾਰ ਯੋਗ ਲਾਭਪਾਤਰੀਆਂ ਨੂੰ ਪ੍ਰਵਾਨਗੀ ਦੇਵੇਗਾ ਅਤੇ ਇਨ੍ਹਾਂ ਨੂੰ ਦਿੱਤੇ ਜਾਣ ਵਾਲੇ ਪਲਾਟ ਜਾਰੀ ਕਰਨ ਦੀ ਹਦਾਇਤ ਕਰੇਗਾ। ਇਸ ਤੋਂ ਬਾਅਦ 11 ਨਵੰਬਰ 2021 ਨੂੰ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਪ੍ਰਾਪਤ ਹੋਣ ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਹਰ ਗ੍ਰਾਮ ਪੰਚਾਇਤ ਦੇ ਅਜਿਹੇ ਲਾਭਪਾਤਰੀਆਂ ਨੂੰ 11 ਨਵੰਬਰ ਤੱਕ ਸੰਨਦ ਜਾਰੀ ਕਰੇਗਾ ਅਤੇ ਇਸ ਉਪਰੰਤ ਲਾਭਪਾਤਰੀਆਂ ਨੂੰ ਅਲਾਟ ਕੀਤੇ ਗਏ ਪਲਾਟਾਂ ਦਾ ਕਬਜ਼ਾ ਦਿੱਤਾ ਜਾਵੇਗਾ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਾਰੀ ਕੀਤੀ ਗਈ ਸੰਨਦ ਦੀ ਕਾਪੀ ਸਬੰਧਤ ਤਹਿਸੀਲਦਾਰ ਨੂੰ ਮਾਲ ਰਿਕਾਰਡ ਵਿੱਚ ਇੰਦਰਾਜ ਕਰਨ ਲਈ ਭੇਜੇਗਾ। 

LEAVE A REPLY

Please enter your comment!
Please enter your name here