ਦਿੱਲੀ ਦੇ ਸੂਝਵਾਨ ਪੰਥਦਰਦੀਆਂ ਨੇ ‘ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਨਾਂ ਦੀ ਜਥੇਬੰਦੀ ਨੂੰ ਹੋਂਦ ਵਿਚ ਲਿਆਂਦਾ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ- ਅਭਿਸ਼ੇਕ ਕੁਮਾਰ। ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਦਿੱਲੀ ਦੇ ਸੂਝਵਾਨ ਪੰਥਦਰਦੀਆਂ ਨੇ ‘ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ)’ ਨਾਂ ਦੀ ਜਥੇਬੰਦੀ ਨੂੰ ਹੋਂਦ ਵਿਚ ਲਿਆਂਦਾ ਹੈ। ਜਿਸ ਦਾ ਮੁੱਖ ਕਾਰਜ ਖੇਤਰ ਸਿੱਖ ਕੈਦੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਜਥੇ ਵਜੋਂ ਵਿਚਰਨਾ ਹੋਵੇਗਾ। ਮੋਰਚੇ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੇ ਪਲੇਠੀ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਉਹ ਭਾਰਤੀ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਅਤੇ ਸਮਾਜਿਕ ਪੱਧਰ ’ਤੇ ਲੜਾਈ ਲੜਨਗੇ। ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਅੰਤ੍ਰਿੰਗ ਕਮੇਟੀ ਮੈਂਬਰਾਂ ਨੇ ਜਥੇਬੰਦੀ ਦੀ ਲੋੜ, ਜਥੇਬੰਦੀ ਦਾ ਕਾਰਜ ਖੇਤਰ, ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਜਾਣਕਾਰੀ ਸਬੰਧੀ ਸਵਾਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਨਾਲ ਹੀ ਕੇਂਦਰ ਸਰਕਾਰ ਵੱਲੋਂ 2019 ਵਿਚ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 8 ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨ ਦੇ ਬਾਵਜੂਦ ਦਿੱਲੀ ਸਰਕਾਰ ਵੱਲੋਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਅਤੇ ਕਰਨਾਟਕ ਸਰਕਾਰ ਵੱਲੋਂ ਭਾਈ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਵਿਚ ਵਰਤੀ ਜਾ ਰਹੀ ਢਿੱਲ ਦੀ ਵੀ ਨੁਕਤਾਚੀਨੀ ਕੀਤੀ। ਇਸ ਤੋਂ ਇਲਾਵਾ ਆਗੂਆਂ ਵੱਲੋਂ ਬੀਤੇ ਦਿਨੀਂ ਤਿਹਾੜ ਜੇਲ੍ਹ ਵਿਚ ਕਥਿਤ ਤੌਰ ’ਤੇ ਕਤਲ ਹੋਏ 2 ਸਿੱਖ ਕੈਦੀਆਂ ਦੇ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਦੀ ਭੂਮਿਕਾ ਬਾਰੇ ਸਵਾਲ ਚੁੱਕੇ ਗਏ।

Advertisements

ਆਗੂਆਂ ਨੇ ਭਾਈ ਭੁੱਲਰ ਅਤੇ ਭਾਈ ਖਹਿਰਾ ਦੀ ਰਿਹਾਈ ਵਿਚ ਅੜਿੱਕਾ ਦੂਰ ਕਰਨ ਲਈ ਮੋਰਚੇ ਵੱਲੋਂ ਦਿੱਲੀ ਅਤੇ ਕਰਨਾਟਕ ਸਰਕਾਰਾਂ ਨੂੰ ਲਿਖੇ ਗਏ ਬੇਨਤੀ ਪੱਤਰਾਂ ਦਾ ਹਵਾਲਾ ਦਿੰਦੇ ਹੋਏ ਦੋਵਾਂ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਆਗੂਆਂ ਨੇ ਦਾਅਵਾ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਅੜਿੱਕਿਆਂ ਨੂੰ ਸੁਹਿਰਦਤਾ ਨਾਲ ਹਲ ਕਰਨ ਲਈ ਮੋਰਚੇ ਆਗੂਆਂ ਵੱਲੋਂ ਹਮਖਿਆਲੀ ਜਥੇਬੰਦੀਆਂ, ਸਿੰਘ ਸਭਾਵਾਂ, ਸੇਵਕ ਜਥਿਆਂ ਅਤੇ ਸਿਆਸੀ ਪਾਰਟੀਆਂ ਨਾਲ ਰਾਬਤਾ ਕਾਇਮ ਕਰਕੇ ਸਮਾਜ ਵਿਚ ਹਾਂ-ਪੱਖੀ ਮਾਹੌਲ ਸਿਰਜਣ ਦੀ ਪਹਿਲਕਦਮੀ ਕੀਤੀ ਜਾਵੇਗੀ। ਆਗੂਆਂ ਨੇ ਸਾਫ਼ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਕਿਸੇ ਵੀ ਸਿਆਸੀ ਅਤੇ ਸਮਾਜਿਕ ਧਿਰ ਨੂੰ ਮਿਲਣ ਲਈ ਬਿਨਾਂ ਸੰਕੋਚ ਤਿਆਰ ਹਾਂ। ਇਸ ਮੌਕੇ ਸਮਾਜਿਕ ਕਾਰਕੁੰਨ ਤੇ ਅੰਤ੍ਰਿੰਗ ਕਮੇਟੀ ਮੈਂਬਰ ਚਮਨ ਸਿੰਘ, ਅਵਤਾਰ ਸਿੰਘ ਕਾਲਕਾ, ਡਾਕਟਰ ਪਰਮਿੰਦਰ ਪਾਲ ਸਿੰਘ ਤੇ ਦਲਜੀਤ ਸਿੰਘ ਨੇ ਆਪਣੇ ਵਿਚਾਰ ਰੱਖੇ। ਬੀਬੀ ਮਨਪ੍ਰੀਤ ਕੌਰ, ਹਰਜੀਤ ਸਿੰਘ ਟੈਕਨੋ, ਜੋਰਾਵਰ ਸਿੰਘ, ਗੁਰਪਾਲ ਸਿੰਘ ਆਦਿ ਇਸ ਮੌਕੇ ਮੌਜੂਦ ਸਨ।

LEAVE A REPLY

Please enter your comment!
Please enter your name here