ਚੰਡੀਗੜ੍ਹ: (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰੰਗੜ੍ਹ। ਕਾਂਗਰਸੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੇਂਦਰ ਸਰਕਾਰ ਪੂਰੀ ਤਰ੍ਹਾਂ ਮਿਹਰਬਾਨ ਹੋਈ ਲਗਦੀ ਹੈ। ਕੇਂਦਰ ਸਰਕਾਰ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਜੈਡ ਸਿਕਿਉਰਟੀ ਨਾਲ ਨਿਵਾਜਿਆ ਹੈ। ਬੁੱਧਵਾਰ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਜ਼ੈੱਡ ਸਿਕਿਓਰਟੀ ਦਿੱਤੀ ਹੈ। ਸੂਤਰਾਂ ਅਨੁਸਾਰ ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫ਼ਾਰਸ਼ ‘ਤੇ ਗੁਰਮੀਤ ਸੋਢੀ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ ਅਤੇ ਜਦੋਂ ਵੀ ਉਹ ਪੰਜਾਬ ਅਤੇ ਦਿੱਲੀ ਦੀ ਯਾਤਰਾ ਕਰਨਗੇ ਤਾਂ ਉਨ੍ਹਾਂ ਨੂੰ ਸੀਆਰਪੀਐਫ ਕਮਾਂਡੋਜ਼ ਦਾ ਹਥਿਆਰਬੰਦ ਕਵਰ ਮਿਲੇਗਾ।
ਜ਼ਿਕਰਯੌਗ ਹੈ ਕਿ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ 21 ਦਸੰਬਰ ਨੂੰ ਕਾਂਗਰਸ ਤੋਂ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ ਹੈ। ਉਹ ਦਿੱਲੀ ਵਿਖੇ ਭਾਜਪਾ ਵਿੱਚ ਸ਼ਾਮਲ ਹੋਏ। ਰਾਣਾ ਗੁਰਮੀਤ ਸੋਢੀ, ਫਿਰੋਜ਼ਪੁਰ ਦੀ ਗੁਰੂਹਰਸਹਾਏ ਸੀਟ ਤੋਂ ਲਗਾਤਾਰ 4 ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਪੰਜਾਬ ਦੇ ਖੇਡ ਮੰਤਰੀ ਵੀ ਰਹੇ ਸਨ।