ਜ਼ਿਲ੍ਹਾ ਹੁਸ਼ਿਆਰਪੁਰ ’ਚ 8 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ 8 ਉਮੀਦਵਾਰਾਂ ਵਲੋਂ ਵਿਧਾਨ ਸਭਾ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 039-ਮੁਕੇਰੀਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਸਰਬਜੋਤ ਸਿੰਘ ਨੇ ਨਾਮਜ਼ਦਗੀ ਪੱਤਰ ਭਰੇ ਹਨ, ਜਦਕਿ 40-ਦਸੂਹਾ ਵਿਧਾਨ ਸਭਾ ਹਲਕੇ ਲਈ ਬਹੁਜਨ ਸਮਾਜ ਪਾਰਟੀ ਵਲੋਂ ਸੁਸ਼ੀਲ ਕੁਮਾਰ ਸ਼ਰਮਾ ਅਤੇ ਮੀਨਾ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 041-ਉੜਮੁੜ ਲਈ ਬਹੁਜਨ ਸਮਾਜ ਪਾਰਟੀ ਵਲੋਂ ਲਖਵਿੰਦਰ ਸਿੰਘ, 043-ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਲਈ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਸੁੰਦਰ ਸ਼ਾਮ ਅਰੋੜਾ ਅਤੇ ਡਾ. ਸ਼ਿਵਾਨੀ ਅਰੋੜਾ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਬ੍ਰਹਮ ਸ਼ੰਕਰ ਸ਼ਰਮਾ ਅਤੇ ਵਿਭਾ ਸ਼ਰਮਾ ਨੇ ਕਾਗਜ਼ ਦਾਖਲ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 042-ਸ਼ਾਮਚੁਰਾਸੀ, 044-ਚੱਬੇਵਾਲ ਅਤੇ ਵਿਧਾਨ ਸਭਾ ਹਲਕਾ 045-ਗੜ੍ਹਸ਼ੰਕਰ ਲਈ ਕੋਈ ਵੀ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਹੋਇਆ ਹੈ।

Advertisements

ਰਿਆਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਉਮੀਦਵਾਰ ਸਮੇਤ ਸਿਰਫ਼ ਤਿੰਨ ਵਿਅਕਤੀਆਂ ਨੂੰ ਰਿਟਰਨਿੰਗ ਅਫ਼ਸਰ ਦੇ ਕਮਰੇ ਵਿਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ, ਜਿਥੇ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ 1 ਫਰਵਰੀ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ, ਜਦਕਿ 30 ਜਨਵਰੀ ਨੂੰ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਪ੍ਰਾਪਤ ਨਹੀਂ ਕੀਤੇ ਜਾਣਗੇ। ਇਸ ਤੋਂ ਇਲਾਵਾ 29 ਜਨਵਰੀ ਦਿਨ ਸ਼ਨੀਵਾਰ ਨੂੰ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾਣਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰ ਵਿਖੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ ਨੂੰ ਸਵੇਰੇ 11 ਵਜੇ ਹੋਵੇਗੀ ਅਤੇ ਨਾਮਜ਼ਦਗੀ ਪੱਤਰ 4 ਫਰਵਰੀ 2022 ਨੂੰ ਬਾਅਦ ਦੁਪਹਿਰ 3 ਵਜੇ ਤੋਂ ਪਹਿਲਾਂ ਵਾਪਸ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਾਂ 20 ਫਰਵਰੀ 2022 ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਕੀਤੀ ਜਾਵੇਗੀ।

ਰਿਆਤ ਨੇ ਦੱਸਿਆ ਕਿ ਚੱਬੇਵਾਲ ਵਿਧਾਨ ਸਭਾ ਹਲਕੇ ਲਈ ਕਮਰਾ ਨੰਬਰ 111 ਕੋਰਟ ਰੂਮ (ਦਫ਼ਤਰ, ਵਧੀਕ ਡਿਪਟੀ ਕਮਿਸ਼ਨਰ, ਜਨਰਲ) ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਮੁਕੇਰੀਆਂ ਲਈ ਐਸ.ਡੀ.ਐਮ. ਦਫ਼ਤਰ, ਕੋਰਟ ਰੂਮ ਗਰਾਊਂਡ ਫਲੋਰ ਮੁਕੇਰੀਆਂ, ਵਿਧਾਨ ਸਭਾ ਹਲਕਾ ਦਸੂਹਾ ਲਈ ਐਸ.ਡੀ.ਐਮ. ਦਫ਼ਤਰ, ਕੋਰਟ ਰੂਮ ਦਸੂਹਾ, ਵਿਧਾਨ ਸਭਾ ਹਲਕਾ ਉੜਮੁੜ ਲਈ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹੁਸ਼ਿਆਰਪੁਰ, ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਲਈ ਦਫ਼ਤਰ ਨਗਰ ਨਿਗਮ ਹੁਸ਼ਿਆਰਪੁਰ (ਸਵਾਮੀ ਵਿਵੇਕਾਨੰਦ ਭਵਨ, ਨਿਊ ਧੋਬੀਘਾਟ ਚੌਕ), ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਲਈ ਐਸ.ਡੀ.ਐਮ. ਦਫ਼ਤਰ, ਕੋਰਟ ਰੂਮ, ਹੁਸ਼ਿਆਰਪੁਰ ਅਤੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਲਈ ਐਸ.ਡੀ.ਐਮ. ਦਫ਼ਤਰ, ਕੋਰਟ ਰੂਮ, ਗੜ੍ਹਸ਼ੰਕਰ ਵਿਖੇ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ ਜਾ ਰਹੇ ਹਨ।

ਅਪਨੀਤ ਰਿਆਤ ਨੇ ਦੱਸਿਆ ਕਿ ਉਮੀਦਵਾਰ ਵਲੋਂ ਨਵੀਨਤਮ ਫਾਰਮ 26, ਹਲਫੀਆ ਬਿਆਨ ਆਨਲਾਈਨ ਵੀ ਭਰਿਆ ਜਾ ਸਕਦਾ ਹੈ। ਮੁੱਖ ਚੋਣ ਅਫ਼ਸਰ ਜਾਂ ਜ਼ਿਲ੍ਹਾ ਚੋਣ ਅਫ਼ਸਰ ਦੀ ਵੈਬਸਾਈਟ ਤੋਂ ਇਸ ਦਾ ਪ੍ਰਿੰਟ ਲਿਆ ਜਾ ਸਕਦਾ ਹੈ ਅਤੇ ਨੋਟਰਾਈਜੇਸ਼ਨ ਤੋਂ ਬਾਅਦ ਇਸ ਨੂੰ ਨਾਮਜ਼ਦਗੀ ਫਾਰਮ ਦੇ ਨਾਲ ਰਿਟਰਨਿੰਗ ਅਫ਼ਸਰ ਕੋਲ ਜਮ੍ਹਾਂ ਕਰਵਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਜਨਰਲ ਵਰਗ ਲਈ ਦਾਖਲਾ ਫੀਸ 10,000 ਰੁਪਏ ਅਤੇ ਰਾਖਵੀਂ ਸ਼੍ਰੇਣੀ (ਐਸ.ਸੀ., ਐਸ.ਟੀ.) ਲਈ ਦਾਖਲਾ ਫੀਸ 5000 ਰੁਪਏ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰ ਵਲੋਂ ਵੱਧ ਤੋਂ ਵੱਧ 40 ਲੱਖ ਰੁਪਏ ਤੱਕ ਖਰਚ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here