ਬਹੁ-ਰੰਗ ਕਲਾ ਮੰਚ ਵੱਲੋਂ ਵਿਸ਼ਵ ਰੰਗਮੰਚ ਦਿਵਸ ਦੇ ਮੌਕੇ ਤੇ ਕਰਵਾਇਆ ਗਿਆ ਸਨਮਾਨ ਸਮਾਰੋਹ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁ-ਰੰਗ ਕਲਾ ਮੰਚ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਵਿਚਾਰ ਚਰਚਾ ਅਤੇ ਸਨਮਾਨ ਸਮਾਰੋਹ ਸ਼ਿਵ ਨਾਮਦੇਵ ਆਪਣਾ ਘਰ ਹਰਦੋਖਾਨਪੁਰ (ਹੁਸ਼ਿਆਰਪੁਰ) ਵਿਖੇ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਉੱਘੇ ਰੰਗਕਰਮੀ ਅਸ਼ੋਕ ਪੁਰੀ, ਨਾਵਲਕਾਰ ਪ੍ਰਿੰਸੀਪਲ ਦਰਸ਼ਨ ਸਿੰਘ ਦਰਸ਼ਨ ਅਤੇ ਡਾਇਰੈਕਟਰ ਅਸ਼ੋਕ ਖੁਰਾਨਾ ਨੇ ਕੀਤੀ।

Advertisements

ਇਸ ਮੌਕੇ ਤੇ ਪੰਜਾਬੀ ਨਾਟਕ ਦੀ ਰਚਨਾ ਅਤੇ ਰੰਗ ਮੰਚ ਦੀ ਸਥਿਤੀ ਬਾਰੇ ਵਿਚਾਰ ਚਰਚਾ ਸ਼ੁਰੂ ਕਰਦੇ ਹੋਏ ਬਹੁ-ਰੰਗ ਕਲਾ ਮੰਚ ਦੇ ਪ੍ਰਧਾਨ ਅੰਮ੍ਰਿਤ ਲਾਲ ਨੇ ਆਖਿਆ ਕਿ ਪੰਜਾਬੀ ਰੰਗਮੰਚ ਵਪਾਰੀਕਰਨ ਤੋਂ ਦੂਰ ਹੈ ਅਤੇ ਭਾਈ ਮੰਨਾ ਸਿੰਘ ਵਾਂਗ ਪ੍ਰਤਿਬੱਧਤ ਕਲਾਕਾਰ ਲਗਾਤਾਰ ਕਾਰਜਸ਼ੀਲ ਹਨ। ਇਸ ਉਪਰੰਤ ਪਿਛਲੇ ਪੱਚੀ ਸਾਲਾਂ ਤੋਂ ਰੰਗਮੰਚ ਨਾਲ ਪ੍ਰਤੀਬੱਧ ਗੁਰਮੇਲ ਧਾਲੀਵਾਲ ਨੇ ਦੱਸਿਆ ਕਿ ਸਮਾਜ ਨਾਲ ਜੁੜ ਕੇ ਜੋ ਸੰਤੁਸ਼ਟੀ ਅਤੇ ਦਿਸ਼ਾ ਰੰਗਮੰਚ ਦੇ ਸਕਦਾ ਹੈ ਹੋਰ ਕੋਈ ਮਾਧਿਅਮ ਨਹੀਂ ਦੇ ਸਕਦਾ। ਇਸ ਮੌਕੇ ਤੇ ਡਾਇਰੈਕਟਰ ਅਸ਼ੋਕ ਖੁਰਾਨਾ ਨੇ ਦੱਸਿਆ ਕਿ ਉਨ੍ਹਾਂ ਨੇ ਅਨੇਕਾਂ ਗੀਤ ਫ਼ਲਮਾਂਕਣ ਸਮੇਂ ਮਹਿਸੂਸ ਕੀਤਾ ਹੈ ਕਿ ਰੰਗ ਮੰਚ ਦੇ ਕਲਾਕਾਰ ਸਕਰੀਨ ਉਪਰ ਵੀ ਆਪਣੀ ਕਲਾਕਾਰੀ ਵਧੀਆ ਰੂਪ ਵਿੱਚ ਪੇਸ਼ ਕਰਦੇ ਹਨ। ਇਸ ਮੌਕੇ ਤੇ ਚਿੱਤਰਕਾਰ ਨਾਵਲਕਾਰ ਪ੍ਰਿੰਸੀਪਲ ਦਰਸ਼ਨ ਸਿੰਘ ਦਰਸ਼ਨ ਨੇ ਦੱਸਿਆ ਕਿ ਉਨ੍ਹਾਂ ਦੇ ਨਾਵਲ ’ਤਪੱਸਵਣ’ ਉੱਪਰ ਇੱਕ ਵੈੱਬ ਸੀਰੀਜ਼ ਬਣਾਉਣ ਦਾ ਜੋ ਨਿਸ਼ਚੇ ਕੀਤਾ ਗਿਆ ਸੀ ਉਹ ਪਿਛਲੇ ਸਮੇਂ ਵਿਚ ਕਰੋਨਾ ਕਰਕੇ ਨਹੀਂ ਸ਼ੁਰੂ ਹੋ ਸਕਿਆ। ਉਸ ਨੂੰ ਹੁਣ ਸ੍ਰੀ ਗਰੇਸਾ ਫਿਲਮ ਵਲੋਂ ਅਸ਼ੋਕ ਪੁਰੀ ਦੇ ਨਿਰਦੇਸ਼ਨ ਹੇਠ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਕਲੱਬ ਦੇ ਸੈਕਟਰੀ ਮਹੇਸ਼ ਕੁਮਾਰ ਨੇ ਕੀਤਾ।
ਪ੍ਰੋਗਰਾਮ ਦੇ ਅਖੀਰ ਵਿਚ ਨਾਟਕਕਾਰ ਅਸ਼ੋਕ ਪੁਰੀ ਨੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਅਤੇ ਧੰਨਵਾਦ ਦੇ ਨਾਲ ਨਾਵਲਕਾਰ ਦਰਸ਼ਨ ਸਿੰਘ ਦਰਸ਼ਨ ,ਕਲਾਕਾਰ ਗੁਰਮੇਲ ਧਾਲੀਵਾਲ ਅਤੇ ਨਿਰਦੇਸ਼ਕ ਅਸ਼ੋਕ ਖੁਰਾਨਾ ਦਾ ਵਿਚਾਰ ਚਰਚਾ ਵਿੱਚ ਖੁੱਲ੍ਹ ਕੇ ਭਾਗ ਲੈਣ ਲਈ ਧੰਨਵਾਦ ਕੀਤਾ। ਉਨ੍ਹਾਂ ਕਲੱਬ ਦੇ ਪ੍ਰਧਾਨ ਅੰਮ੍ਰਿਤ ਲਾਲ ਅਤੇ ਸੈਕਟਰੀ ਮਹੇਸ਼ ਕੁਮਾਰ ਅਤੇ ਸ਼ਿਵ ਨਾਮਦੇਵ ਆਪਣਾ ਘਰ ਦੇ ਸੰਚਾਲਕ ਸਰਦਾਰ ਨਰਿੰਦਰ ਸਿੰਘ ਜੱਸਲ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਸਦੀ ਦੇ ਨਾਟਕ, ਨੁਕੜ ਨਾਟਕ, ਰੰਗਮੰਚ ਅਤੇ ਨੁੱਕੜਾਂ ਵਿਚ ਅਨੇਕਾਂ ਤਬਦੀਲੀਆਂ ਆਈਆਂ ਹਨ। ਅੱਜ ਦਾ ਨਾਟਕ ਇਕ ਵਿਚਾਰਧਾਰਕ ਹਥਿਆਰ ਦੇ ਨਾਲ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਪਰਿਪੱਕ ਬਣਾਉਂਦਾ ਹੋਇਆ ਆਪਣੇ ਯਾਤਰਾ ਨੂੰ ਸਫਲਤਾਪੂਰਨ ਨਿਭਾਅ ਰਿਹਾ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਦਰਸ਼ਨ ਸਿੰਘ ਦਰਸ਼ਨ, ਅਸ਼ੋਕ ਪੁਰੀ, ਅਸ਼ੋਕ ਖੁਰਾਨਾ ਅਤੇ ਗੁਰਮੇਲ ਧਾਲੀਵਾਲ ਨੂੰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here